ਅੰਮਿ੍ਤਸਰ, 1 ਜੂਨ (ਰੇਸ਼ਮ ਸਿੰਘ)-ਮਜੀਠਾ ਵਿਖੇ ਹੋਈਆਂ ਨਗਰ ਪੰਚਾਇਤ ਚੋਣਾਂ 'ਚ ਅਮਨ ਕਾਨੂੰਨ ਦੀ ਪੈਦਾ ਹੋਈ ਸਥਿਤੀ 'ਤੇ ਪੁਲਿਸ ਦਾ ਕੰਟਰੋਲ ਨਾ ਹੋਣ ਦੇ ਲੱਗ ਰਹੇ ਦੋਸ਼ਾਂ ਦੀਆਂ ਚਰਚਾਵਾਂ ਦੇ ਮਾਮਲੇ 'ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਕਿ ਸਰਕਾਰ ਵਲੋਂ ਜ਼ਾਰੀ ਕੀਤੇ ਹੁਕਮਾਂ ਮੁਤਾਬਕ ਮੌਜੂਦਾ ਐੱਸ. ਐੱਸ.ਪੀ. ਦਿਹਾਤੀ ਸੁਹੇਲ ਕਾਸਿਮ ਮੀਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਥਾਂ 'ਤੇ ਕੰਵਲਪ੍ਰੀਤ ਸਿੰਘ ਜਿਨ੍ਹਾਂ ਨੂੰ ਏ.ਡੀ.ਸੀ.ਪੀ. ਉਦਯੋਗ ਸੁਰੱਖਿਆ ਲੁਧਿਆਣਾ ਤੋਂ ਐੱਸ. ਪੀ. ਹੈੱਡ ਕੁਆਟਰ ਦਿਹਾਤੀ ਲਾਇਆ ਗਿਆ ਹੈ ਨੂੰ ਐੱਸ.ਐੱਸ.ਪੀ. ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ | ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਅੱਜ ਜ਼ਾਰੀ ਕੀਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਬਦਲੀਆਂ ਦੇ ਹੁਕਮਾਂ ਤਹਿਤ ਇਹ ਬਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਡੀ.ਆਈ.ਜੀ. ਸਰਹੱਦੀ ਰੇਜ ਸੰਦੀਪ ਗੋਇਲ ਨੂੰ ਵੀ ਡੀ.ਆਈ.ਜੀ. ਲਿੁਧਆਣਾ ਰੇਂਜ਼ ਲਾਇਆ ਗਿਆ ਹੈ | ਜਦੋਂ ਕਿ 75 ਬਟਾਲੀਅਨ ਪੀ.ਏ.ਪੀ. ਦੇ ਕਮਾਂਡੈਂਟ ਵਿਵੇਕ ਸ਼ੀਲ ਸੋਨੀ ਨੂੰ ਡੀ.ਆਈ.ਜੀ. ਸਰਹੱਦੀ ਰੇਂਜ ਦਾ ਕਾਰਜ਼ਭਾਰ ਸੌਂਪਿਆ ਗਿਆ ਹੈ |