ਅੰਮਿ੍ਤਸਰ, 1 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਬੀਤੇ ਦਿਨ ਮਜੀਠਾ ਥਾਣੇ 'ਚ ਵਾਪਰੀ ਘਟਨਾ ਨੂੰ ਲੈ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਮਜੀਠਾ 'ਚ ਬਣੇ ਤਣਾਅਪੂਰਨ ਹਾਲਾਤ ਪੂਰੀ ਤਰ੍ਹਾਂ ਸਿਆਸੀ ਲਾਭ ਲੈਣ ਲਈ ਜਾਣਬੁਝ ਕੇ ਪੈਦਾ ਕੀਤੇ ਗਏ ਹਨ | ਪੱਤਰਕਾਰ ਮਿਲਣੀ ਦੌਰਾਨ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਜੀਠੀਆ ਵਲੋਂ ਖੁਦ ਇੰਕਸ਼ਾਫ ਕੀਤਾ ਹੈ ਕਿ ਚੋਣਾਂ ਵਾਲੇ ਦਿਨ ਉਸ ਨੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸਿਰਫ਼ ਮਾਹੌਲ ਖ਼ਰਾਬ ਕਰਨ ਅਤੇ ਮੀਡੀਆ 'ਚ ਸੁਰਖੀਆਂ ਬਟੋਰਨ ਲਈ ਸਮਾਂ ਬਰਬਾਦ ਕੀਤਾ ਤਾਂ ਜੋ ਉਸ ਨੂੰ ਸਿਆਸੀ ਲਾਗਾ ਮਿਲ ਸਕੇ | ਉਨ੍ਹਾਂ ਕਿਹਾ ਕਿ ਜੇਕਰ ਉਹ ਲੋਕ ਉੱਥੇ ਜਾ ਕੇ ਝਗੜਾ ਨਾ ਕਰਵਾਉਂਦੇ ਤਾਂ ਨਾ ਕਿਸੇ ਨੌਜਵਾਨ ਦੀ ਪੱਗ ਉਤਰਦੀ, ਨਾ ਕਿਸੇ ਉੱਤੇ ਪਰਚੇ ਦਰਜ ਹੁੰਦੇ ਅਤੇ ਨਾ ਹੀ ਮਜੀਠਾ ਨੂੰ ਅੱਜ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ | ਉਨ੍ਹਾਂ ਦੱਸਿਆ ਕਿ ਚੋਣਾਂ ਦੀ ਗਿਣਤੀ ਦੌਰਾਨ ਹਾਈਕੋਰਟ ਦੇ ਦੋ ਅਬਜ਼ਰਵਰ ਮੌਜੂਦ ਸਨ ਅਤੇ ਹਰ ਜਗ੍ਹਾ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ ਇਸ ਦੇ ਬਾਵਜੂਦ ਅਕਾਲੀ ਦਲ ਦੇ ਨੁਮਾਇੰਦਿਆਂ ਵਲੋਂ ਵਾਰ-ਵਾਰ ਰੀ-ਕਾਊਾਟਿੰਗ ਦੀ ਮੰਗ ਕੀਤੀ ਗਈ | ਗਿੱਲ ਦੇ ਅਨੁਸਾਰ ਵਾਰਡ ਨੰਬਰ ਇਕ 'ਚ 35 ਵਾਰ ਰੀ-ਕਾਊਾਟਿੰਗ ਕਰਵਾਈ ਗਈ, ਜਿਸ ਕਾਰਨ ਗਿਣਤੀ ਦੀ ਪ੍ਰਕਿਰਿਆ ਲੰਬੀ ਖਿੱਚੀ ਅਤੇ ਸਮਾਂ ਬਰਬਾਦ ਹੋਇਆ | 'ਆਪ' ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਜੀਠਾ 'ਚ ਸੱਤ ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕੀਤਾ ਹੈ ਅਤੇ ਪਾਰਟੀ ਨੂੰ ਕਿਸੇ ਕਿਸਮ ਦੀ ਘਬਰਾਹਟ ਨਹੀਂ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਵਿਰੋਧੀ ਧਿਰ ਵਲੋਂ ਲਗਾਤਾਰ ਝੂਠੀਆਂ ਸ਼ਿਕਾਇਤਾਂ ਕਰਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ | ਥਾਣੇ ਵਿਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਗਿੱਲ ਨੇ ਕਿਹਾ ਕਿ ਇਕ ਮੁਲਜ਼ਮ ਨੂੰ ਛੁਡਾਉਣ ਲਈ ਵੱਡੀ ਗਿਣਤੀ 'ਚ ਲੋਕ ਥਾਣੇ ਪਹੁੰਚੇ, ਜਿੱਥੇ ਪੁਲਿਸ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਐੱਸ. ਐੱਚ. ਓ. ਅਤੇ ਡੀ. ਐੱਸ. ਪੀ. ਨੇ ਦਖ਼ਲ ਨਾ ਦਿੱਤਾ ਹੁੰਦਾ ਤਾਂ ਮੁਲਜ਼ਮ ਨੂੰ ਥਾਣੇ ਵਿੱਚੋਂ ਹੀ ਬਾਹਰ ਕੱਢ ਲਿਆ ਜਾਂਦਾ | ਗਿੱਲ ਨੇ ਕਿਹਾ ਕਿ ਕਾਨੂੰਨ ਤੋਂ ਕੋਈ ਵੀ ਵਿਅਕਤੀ ਵੱਡਾ ਨਹੀਂ ਹੈ ਅਤੇ ਜੋ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿਚ ਲਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਅਪੀਲ ਕੀਤੀ ਕਿ ਮਜੀਠਾ ਦੇ ਲੋਕ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ | ਉਨ੍ਹਾਂ ਦੁਹਰਾਇਆ ਕਿ ਸਰਕਾਰ ਇਸ ਮਾਮਲੇ ਵਿਚ ਪੂਰੀ ਸਖ਼ਤੀ ਨਾਲ ਕਾਰਵਾਈ ਕਰੇਗੀ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ |