ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਘੱਲੂਘਾਰਾ ਹਫ਼ਤੇ ਤਹਿਤ ਜਿੱਥੇ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ ਕੀਤਾ ਹੋਇਆ ਹੈ, ਉਥੇ ਅੱਜ ਸ਼ਹਿਰ 'ਚ ਪੁਲਿਸ ਵਲੋਂ ਘੱਲੂਘਾਰਾ ਹਫ਼ਤੇ ਦੇ ਦੂਜੇ ਦਿਨ ਵਿਸੇਸ਼ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਦੌਰਾਨ ਪੁਲਿਸ ਨੇ ਬੱਸ ਅੱਡਾ, ਰੇਲਵੇ ਸਟੇਸ਼ਨ ਤੇ ਹੋਰ ਜਨਤਕ ਥਾਵਾਂ 'ਤੇ ਬਾਰੀਕੀ ਨਾਲ ਜਾਂਚ ਕਰਵਾਈ | ਪੁਲਿਸ ਅਨੁਸਾਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ | ਇਸ ਦੌਰਾਨ ਪੁਲਿਸ ਵਲੋਂ ਸ਼ਹਿਰ ਦੇ ਦਾਖ਼ਲਾ ਤੇ ਨਿਕਾਸੀ ਗੇਟਾਂ ਤੇ ਮਹੱਤਵਪੂਰਨ ਥਾਵਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਇਸ ਚੈਕਿੰਗ ਅਭਿਆਨ ਤਹਿਤ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ, ਬਾਜ਼ਾਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਵਿਸ਼ੇਸ਼ ਤੌਰ 'ਤੇ ਤਲਾਸ਼ੀ ਲਈ ਗਈ ਤੇ ਸਥਾਨਾਂ ਦੇ ਆਲੇ-ਦੁਆਲੇ ਖੜ੍ਹੇ ਵਾਹਨਾਂ ਅਤੇ ਪਾਰਕਿੰਗ ਸਥਾਨਾਂ ਵਿਚ ਲੱਗੇ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਪੀਜੀ, ਹੋਟਲ, ਸਰਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਵਿਜ਼ਟਰ ਰਜਿਸਟਰ ਨੂੰ ਵੀ ਚੰਗੀ ਤਰਾ ਖੰਘਾਲਿਆ ਗਿਆ | ਇਸ ਮੌਕੇ ਸਨੀਫਰ ਡੋਗ ਸਕੁਆਡ ਅਤੇ ਐਂਟੀ ਸਾਬੋਟਾਜ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ, ਜਿਨ੍ਹਾਂ ਵਲੋਂ ਪਾਰਕਿੰਗ ਏਰੀਆ ਅਤੇ ਜਨਤਕ ਥਾਵਾਂ ਦੀ ਤਕਨੀਕੀ ਸਹਾਇਤਾ ਨਾਲ ਜਾਂਚ ਕੀਤੀ ਗਈ ਤਾਂ ਜੋ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ | ਦੱਸਣਯੋਗ ਹੈ ਕਿ ਇਸ ਵੇਲੇ ਸ਼ਹਿਰ 'ਚ ਸੁਰੱਖਿਆ ਲਈ 5 ਕੰਪਨੀਆਂ ਅਰਧ ਸੈਨਿਕ ਬੱਲਾ ਤੋਂ ਇਲਾਵਾ ਪੁਲਿਸ ਕਮਾਂਡੋ ਤੇ ਹੋਰ ਸੁਰੱਖਿਆ ਮੁਲਾਜ਼ਮ ਵੱਡੀ ਗਿਣਤੀ 'ਚ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦੀ ਗਿਣਤੀ 3 ਹਜ਼ਾਰ ਦੇ ਲਗਪਗ ਦੱਸੀ ਗਈ ਹੈ |
ਘੱਲੂਘਾਰਾ ਹਫਤੇ ਦੇ ਦੂਜੇ ਦਿਨ ਸ਼ਹਿਰ 'ਚ ਪੁਲਿਸ ਵਲੋਂ ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਹੋਰ ਥਾਵਾਂ 'ਤੇ ਚਲਾਈ ਤਲਾਸ਼ੀ ਮੁਹਿੰਮ <br/>
ਬੱਸ ਅੱਡੇ ਵਿਖੇ ਸਨਿਫਰ ਡਾਗ ਦੀ ਮਦਦ ਨਾਲ ਚੈਕਿੰਗ ਕਰਦੇ ਹੋਏ ਪੁਲਿਸ ਮੁਲਾਜ਼ਮ | ਤਸਵੀਰ: ਨਿਰਮਲ ਸਟੂਡੀਓ<br/>
03-06-2026