ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦਾ ਲੱਖਾਂ ਰੇਹੜੀਆਂ ਵਾਲਿਆਂ ਨੂੰ ਲਾਭ ਮਿਲ ਰਿਹਾ ਹੈ ਅਤੇ ਉਹ ਆਤਮ ਨਿਰਭਰ ਹੋ ਰਹੇ ਹਨ | ਇਹ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਛੋਟੇ ਕਾਰੋਬਾਰਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਾਰਜਸ਼ੀਲ ਪੂੰਜੀ ਕਰਜ਼ੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ 'ਚ ਇਸ ਯੋਜਨਾ ਤਹਿਤ ਕੁੱਲ 47,676 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਹਨ | 60.17 ਕਰੋੜ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ, ਜਦੋਂ ਕਿ 56.49 ਕਰੋੜ ਲਾਭਪਾਤਰੀਆਂ ਨੂੰ ਵੰਡੇ ਗਏ ਹਨ | ਇਸ ਤੋਂ ਇਲਾਵਾ, ਜ਼ਿਲ੍ਹੇ ਦੇ 16,731 ਰੇਹੜੀਆਂ ਵਾਲਿਆਂ ਨੂੰ ਡਿਜ਼ੀਟਲ ਤੌਰ 'ਤੇ ਸਰਗਰਮ ਕੀਤਾ ਗਿਆ ਹੈ, ਜੋ ਕਿ ਡਿਜ਼ੀਟਲ ਭੁਗਤਾਨ ਅਤੇ ਵਿੱਤੀ ਸਮਾਵੇਸ਼ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸ਼ਹਿਰੀ ਸਥਾਨਕ ਸੰਸਥਾਵਾਂ ਵਿਚੋਂ ਨਗਰ ਨਿਗਮ ਅੰਮਿ੍ਤਸਰ ਸਭ ਤੋਂ ਅੱਗੇ ਹੈ, ਜਿਸ ਕੋਲ 43,767 ਯੋਗ ਅਰਜ਼ੀਆਂ, 54.92 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਕਰਜ਼ੇ ਤੇ 51.51 ਕਰੋੜ ਰੁਪਏ ਵੰਡੇ ਗਏ ਹਨ |