ਅੰਮਿ੍ਤਸਰ, 3 ਜੂਨ (ਰੇਸ਼ਮ ਸਿੰਘ)-ਲਗਭਗ ਇਕ ਹਫਤਾ ਪਹਿਲਾਂ ਇਥੇ ਰਾਮ ਬਾਗ ਵਿਖੇ ਪੌੜੀਆਂ ਵਾਲੇ ਬਾਜ਼ਾਰ 'ਚ ਵਾਂਸ ਦੀਆਂ ਦੁਕਾਨਾਂ ਨੂੰ ਅਗ ਲਗਣ ਦੀ ਵਾਪਰੀ ਘਟਨਾ ਉਪਰੰਤ ਅੱਜ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੁਕਾਨਦਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਖ ਵੰਡਾਉਣ ਲਈ ਪੁੱਜੇ | ਜਿਥੇ ਉਨ੍ਹਾਂ ਅੱਗ ਕਾਰਨ ਹੋਏ ਵੱਡੇ ਜਾਨੀ ਅਤੇ ਮਾਲੀ ਨੁਕਸਾਨ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਉਥੇ ਸਰਕਾਰ ਤੋਂ ਪੀੜਤ ਪਰਿਵਾਰਾਂ ਨੂੰ ਤੁਰੰਤ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ |
ਸ: ਔਜਲਾ ਨੇ ਕਿਹਾ ਕਿ ਰਾਮਬਾਗ ਦੇ ਇਸ ਬਾਜ਼ਾਰ 'ਚ ਜ਼ਿਆਦਾਤਰ ਗਰੀਬ ਅਤੇ ਮਜ਼ਦੂਰ ਵਰਗ ਨਾਲ ਸੰਬੰਧਿਤ ਲੋਕ ਆਪਣਾ ਰੋਜ਼ਗਾਰ ਚਲਾਉਂਦੇ ਹਨ | ਅੱਗ ਦੀ ਇਸ ਘਟਨਾ ਨੇ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ | ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਕਈ ਲੋਕਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ | ਅੱਗ ਬੁਝਾਊ ਅਮਲੇ ਦੇ ਦੇਰੀ ਨਾਲ ਪੁੱਜਣ ਸੰਬੰਧੀ ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਬਣਾਏ ਗਏ ਢਾਂਚੇ ਦੀ ਸਮੀਖਿਆ ਅਤੇ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ |
ਸ: ਔਜਲਾ ਨੇ ਕਿਹਾ ਕਿ ਹਾਦਸੇ ਕਿਸੇ ਵੀ ਥਾਂ ਵਾਪਰ ਸਕਦੇ ਹਨ ਤੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਤੁਰੰਤ ਰਾਹਤ ਅਤੇ ਮਦਦ ਯਕੀਨੀ ਬਣਾਏ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅੱਗ ਪੀੜਤਾਂ ਦੇ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਮਿ੍ਤਕ ਦੇ ਪਰਿਵਾਰ ਲਈ ਵਿਸ਼ੇਸ਼ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਜਾਵੇ |
ਰਾਮ ਬਾਗ ਦੇ ਅੱਗ ਕਾਂਡ ਪੀੜਤ ਦੁਕਾਨਦਾਰਾਂ ਦੀ ਸਾਰ ਲੈਣ ਪੁੱਜੇ ਐਮ. ਪੀ. ਔਜਲਾ
ਅਜੀਤ ਡੈਸਕ
04-06-2026