ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਅੱਗ ਵਰਦੀ ਗਰਮੀ ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ 'ਚ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਅਤੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਹਰ ਦੂਜੇ ਦਿਨ ਵਾਪਰ ਰਹੀਆਂ ਹਨ | ਹਾਲਾਂਕਿ, ਸੰਬੰਧਿਤ ਵਿਭਾਗ ਨੇ ਇਨ੍ਹਾਂ ਘਟਨਾਵਾਂ ਤੋਂ ਬਾਅਦ ਵੀ ਕੋਈ ਸਬਕ ਨਹੀਂ ਲਿਆ ਹੈ ਅਤੇ ਭੀੜ-ਭਾੜ ਵਾਲੇ ਰਸਤੇ 'ਤੇ ਥਾਂ-ਥਾਂ ਜ਼ਮੀਨ 'ਤੇ ਰੱਖੇ ਬਿਜਲੀ ਦੇ ਟਰਾਂਸਫ਼ਾਰਮਰ ਰਾਹਗੀਰਾਂ ਤੇ ਆਸ-ਪਾਸ ਦੀਆਂ ਦੁਕਾਨਾਂ ਤੇ ਘਰਾਂ ਵਾਲਿਆਂ ਲਈ ਖ਼ਤਰਾ ਬਣੇ ਹੋਏ ਹਨ | ਇਨ੍ਹਾਂ ਟਰਾਂਸਫ਼ਾਰਮਰ ਦੇ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਦੱਸਣਯੋਗ ਹੈ ਕਿ ਸਥਾਨਕ ਮਜੀਠਾ ਰੋਡ 'ਤੇ ਗੋਪਾਲ ਮੰਦਰ ਤੋਂ ਹਰੀ ਮੰਦਰ ਨੂੰ ਜਾਂਦੀ ਸ਼ਹਿਰ ਦੀ ਸਭ ਤੋਂ ਵੱਧ ਭੀੜ-ਭਾੜ ਵਾਲੀ ਸੜਕ 'ਤੇ ਇਕ ਟਰਾਂਸਫ਼ਾਰਮਰ ਕਬਾੜੀਏ ਅਤੇ ਸਕੂਟਰ ਰਿਪੇਅਰ ਦੀ ਦੁਕਾਨ ਦੇ ਬਿਲਕੁਲ ਨਾਲ ਲਗਭਗ ਢਾਈ ਫੁੱਟ ਦੀ ਉਚਾਈ 'ਤੇ ਰੱਖਿਆ ਗਿਆ | ਜਦੋਂ ਕਿ ਦੂਜਾ ਟਰਾਂਸਫ਼ਾਰਮਰ ਇਸ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਜ਼ਮੀਨ ਤੋਂ ਲਗਪਗ 4 ਫੁੱਟ ਦੀ ਉਚਾਈ 'ਤੇ ਰੱਖਿਆ ਗਿਆ ਹੈ | ਬਾਕੀ ਟਰਾਂਸਫ਼ਾਰਮਰ ਵੀ 3-4 ਫੁੱਟ ਉੱਚੇ ਥੜਿ੍ਹਆਂ 'ਤੇ ਰੱਖੇ ਗਏ ਹਨ | ਇਨ੍ਹਾਂ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ 'ਅਜੀਤ' ਨੂੰ ਦੱਸਿਆ ਕਿ ਸੜਕ ਦੇ ਬਿਲਕੁਲ ਉੱਪਰ ਰੱਖੇ ਇਨ੍ਹਾਂ ਟਰਾਂਸਫ਼ਾਰਮਰ ਕਰਕੇ ਰੋਜ਼ਾਨਾ ਸਵੇਰ ਤੋਂ ਰਾਤ ਤਕ ਵਾਹਨਾਂ ਦਾ ਜਾਮ ਲੱਗਾ ਰਹਿੰਦਾ ਹੈ ਅਤੇ ਦੁਪਹਿਰ ਨੂੰ ਸਕੂਲਾਂ ਦੀ ਛੁੱਟੀ ਵੇਲੇ ਜਾਂ ਸ਼ਾਮ ਨੂੰ 7-8 ਵਜੇ ਦੇ ਕਰੀਬ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਟਰਾਂਸਫ਼ਾਰਮਰਾਂ 'ਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਕਾਰਨ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ | ਦੁਕਾਨਦਾਰਾਂ ਨੇ ਕਿਹਾ ਕਿ ਉਹ ਕਈ ਵਾਰ ਮੰਗ ਕਰ ਚੁਕੇ ਹਨ ਕਿ ਇਨ੍ਹਾਂ ਟਰਾਂਸਫ਼ਾਰਮਰਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇ, ਪਰ ਬਿਜਲੀ ਵਿਭਾਗ ਜਾਂ ਨਗਰ ਨਿਗਮ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ | ਸਥਾਨਕ ਇਲਾਕਾ ਨਿਵਾਸੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਬਾਰਸ਼ਾਂ ਦੇ ਦਿਨਾਂ 'ਚ ਸੜਕ 'ਤੇ ਪਾਣੀ ਭਰ ਜਾਣ 'ਤੇ ਇਹ ਟਰਾਂਸਫ਼ਾਰਮਰ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਇਲਾਕਾ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਸੰਬੰਧਿਤ ਵਿਭਾਗ ਦੇ ਕਰਮਚਾਰੀਆਂ ਦੀ ਆਪਣੇ ਕੰਮ ਪ੍ਰਤੀ ਲਾਪਰਵਾਹੀ ਕਾਰਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਟਰਾਂਸਫ਼ਾਰਮਰ 'ਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਅਤੇ ਤਾਰਾਂ ਟੁੱਟਣ ਜਾਂ ਡਿੱਗਣ ਕਾਰਨ ਰਾਹਗੀਰ ਜਾਂ ਦੁਕਾਨਦਾਰ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ, ਪਰ ਹਾਦਸੇ ਦੀ ਉਡੀਕ ਕਰ ਰਹੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ, ਨਾ ਹੀ ਅਧਿਕਾਰੀਆਂ ਵਲੋਂ ਟਰਾਂਸਫ਼ਾਰਮਰ ਵਾਲੇ ਖੰਭੇ ਦੇ ਨਜ਼ਦੀਕ ਕੋਈ ਚਿਤਾਵਨੀ ਬੋਰਡ ਹੀ ਲਗਾਇਆ ਗਿਆ