14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸਕੂਲਾਂ-ਕਾਲਜਾਂ ’ਚ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

Ad Position 21
No active advertisement
ਅਜੀਤ ਡੈਸਕ 22-06-2026

ਅੰਮ੍ਰਿਤਸਰ, 21 ਜੂਨ (ਰਾਜੇਸ਼ ਕੁਮਾਰ ਸ਼ਰਮਾ)- ਸ਼ਹਿਰ ਦੇ ਸਕੂਲਾਂ ਅਤੇ ਕਾਲਜਾਂ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਯੋਗ ਨਾਲ ਸੰਬੰਧਤ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ।
ਭਵਨਜ਼ ਅੰਮ੍ਰਿਤਸਰ ਨੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਭਵਨਜ਼ ਅੰਮ੍ਰਿਤਸਰ ਦੇ ਵਿਹੜੇ ‘ਚ ਮਨਾਇਆ ਗਿਆ। ਯੋਗਾ ਭਵਨਜ਼ ਸਕੂਲ ਦੀ ਇਕ ਮੁੱਖ ਗਤੀਵਿਧੀ ਹੈ। ਵਿਸ਼ਵ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਯੋਗਾ ਦੇ ਉਦੇਸ਼, ਵਿਧੀ ਅਤੇ ਲਾਭ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਯੋਗ ਆਸਣ ਸਿਖਾਏ ਗਏ ਅਤੇ ਸਮਝਾਇਆ ਗਿਆ ਕਿ ਯੋਗਾ ਸਿਹਤਮੰਦ, ਤਣਾਅ ਮੁਕਤ ਅਤੇ ਲੰਬੀ ਉਮਰ ਜਿਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਸਕੂਲ ਡਾਇਰੈਕਟਰ ਡਾ. ਅਨੀਤਾ ਭੱਲਾ, ਪ੍ਰਿੰਸੀਪਲ ਸ੍ਰੀਮਤੀ ਸੋਨੀਆ ਸਹਿਦੇਵ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਯੋਗਾ ਮਾਹਿਰਾਂ ਦੀ ਨਿਗਰਾਨੀ ਹੇਠ ਯੋਗਾ ਕੀਤਾ ਅਤੇ ਤਣਾਅ ਮੁਕਤ ਜੀਵਨ ਜਿਊਣ ਦੇ ਗੁਰ ਸਿੱਖੇ।
ਪੁਲਿਸ ਡੀ. ਏ. ਵੀ. ਸਕੂੂਲ ‘ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਅੰਮ੍ਰਿਤਸਰ ਦੇ ਵਿਹੜੇ ‘ਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਪਤੰਜਲੀ ਯੋਗ ਕਮੇਟੀ ਅੰਮ੍ਰਿਤਸਰ ਦੀ ਦੇਖਰੇਖ ‘ਚ ਯੋਗ ਕੈਂਪ ਲਗਾਇਆ ਗਿਆ। ਪ੍ਰੋਗਰਾਮ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੰਜੂ ਮਹਾਜਨ ਦੀ ਪ੍ਰਧਾਨਗੀ ਹੇਠ ਅਤੇ ਯੋਗਮਾਤਾ ਸ੍ਰੀਮਤੀ ਸ਼ਕੁੰਤਲਾ ਦੇਵੀ, ਜ਼ਿਲ੍ਹਾ ਪ੍ਰਭਾਰੀ ਰਾਜਕੁਮਾਰ ਆਰੀਆ, ਸਹਿ-ਜ਼ਿਲ੍ਹਾ ਪ੍ਰਭਾਰੀ ਗਊਸੇਵਕ ਪੰ. ਅਵਨ ਪਾਰਾਸ਼ਰ ਅਤੇ ਜਨਰਲ ਸਕੱਤਰ ਅਸ਼ਵਨੀ ਪਾਰਾਸ਼ਰ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਇਸ ਮੌਕੇ ਅੰਮ੍ਰਿਤਸਰ ਉਤਰੀ ਹਲਕੇ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਕੈਂਪ ‘ਚ ਸਕੂਲ ਦੇ ਵਿਦਿਆਰਥੀ, ਅਧਿਆਪਕ, ਪੁਲਿਸ ਵਿਭਾਗ ਦੇ ਅਧਿਕਾਰੀ-ਕਰਮਚਾਰੀ, ਐੱਨ.ਸੀ.ਸੀ. ਕੈਡਿਟਸ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਸਮੇਤ ਲਗਭਗ 500 ਯੋਗ ਸਾਧਕਾਂ ਨੇ ਪੂਰਾ ਸਮਾਂ ਯੋਗਾਭਿਆਸ ਬੜੀ ਤੱਲਨਤਾ ਅਤੇ ਅਨੁਸ਼ਾਸਨ ਨਾਲ ਕੀਤਾ। ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹਾਜ਼ਰ ਸਾਰੇ ਸਾਧਕਾਂ ਨੂੰ ਸੰਬੋਧਨ ਕਰਦਿਆਂ ਮਹਾਂਰਿਸ਼ੀ ਪਤੰਜਲੀ ਦੁਆਰਾ ਪ੍ਰਤੀਪਾਦਿਤ ਅਸ਼ਟਾਂਗ ਯੋਗ ਦੇ 8 ਅੰਗਾਂ ‘ਤੇ ਵਿਸਤ੍ਰਿਤ ਮਾਰਗਦਰਸ਼ਨ ਪ੍ਰਦਾਨ ਕੀਤਾ। ਯੋਗ ਮਾਤਾ ਸ੍ਰੀਮਤੀ ਸ਼ਕੁੰਤਲਾ ਦੇਵੀ ਨੇ ਆਯੂਸ਼ ਮੰਤਰਾਲਾ ਦੇ ਕਾਮਨ ਯੋਗ ਪ੍ਰੋਟੋਕੋਲ ਅਨੁਸਾਰ ਸਾਰੇ ਸਾਧਕਾਂ ਨੂੰ ਵੱਖ-ਵੱਖ ਆਸਨਾਂ ਅਤੇ ਧਿਆਨ ਦਾ ਅਭਿਆਸ ਕਰਾਇਆ। ਪ੍ਰਿੰਸੀਪਲ ਮੰਜੂ ਮਹਾਜਨ ਨੇ ਕਿਹਾ ਕਿ ਯੋਗ ਸਿਰਫ ਇਕ ਦਿਨ ਦਾ ਆਯੋਜਨ ਨਹੀਂ ਹੈ। ਉਨ੍ਹਾਂ ਨੇ ਸਕੂਲ ‘ਚ ਰੋਜ਼ਾਨਾ ਪ੍ਰਾਰਥਨਾ ਸਭਾ ਦੇ ਨਾਲ 20 ਮਿੰਟ ਯੋਗ ਕਲਾਸ ਲਾਜ਼ਮੀ ਕਰਨ ਦਾ ਐਲਾਨ ਕੀਤਾ, ਤਾਂ ਜੋ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਸਹਿ-ਜ਼ਿਲ੍ਹਾ ਪ੍ਰਭਾਰੀ ਪੰ. ਅਵਨ ਪਾਰਾਸ਼ਰ ਨੇ ਕਿਹਾ ਕਿ ਪੂਜਯ ਸਵਾਮੀ ਰਾਮਦੇਵ ਦੇ ਰੋਗਮੁਕਤ ਭਾਰਤ, ਨਸ਼ਾਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਹਿੱਤ ਪਤੰਜਲੀ ਯੋਗ ਕਮੇਟੀ ਘਰ-ਘਰ ਯੋਗ ਪਹੁੰਚਾ ਰਹੀ ਹੈ। ਅਖ਼ੀਰ ‘ਚ ਮੁੱਖ ਮਹਿਮਾਨ ਸਮੇਤ ਸਾਰੇ ਭਾਗੀਦਾਰਾਂ ਨੂੰ ਪਤੰਜਲੀ ਵਲੋਂ ਯੋਗ ਸਾਹਿਤ ਭੇਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮੰਤਰੀ ਸ਼ਿਆਮ ਸੁੰਦਰ ਖੁਰਾਨਾ, ਖਜ਼ਾਨਚੀ ਰਾਜਕੁਮਾਰ ਰਾਜੂ, ਦਵਿੰਦਰ ਗੌਤਮ, ਸਿਮਰਨ, ਸਵਿਤਾ ਸ਼ਰਮਾ ਸਮੇਤ ਪਤੰਜਲੀ ਯੋਗ ਕਮੇਟੀ ਦੀਆਂ ਸਾਰੀਆਂ ਯੋਗ ਕਲਾਸਾਂ ਦੇ ਪ੍ਰਿੰਸੀਪਲ ਯੋਗ-ਅਧਿਆਪਕ ਸਹਾਇਕ ਪ੍ਰਿੰਸੀਪਲ ਯੋਗ-ਅਧਿਆਪਕ ਅਤੇ ਸਾਰੀਆਂ ਕਲਾਸਾਂ ਦੇ ਸਾਧਕ ਹਾਜ਼ਰ ਰਹੇ।
ਡੀ. ਏ. ਵੀ. ਸੀ. ਸੈਕੰ. ਸਕੂਲ ‘ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ :
ਅੱਜ ਡੀ. ਏ. ਵੀ. ਸੀ. ਸੈਕੰ. ਸਕੂਲ, ਹਾਥੀ ਗੇਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ‘ਚ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਸਾਰਿਆਂ ਨੂੰ ਯੋਗਾ ਅਭਿਆਸ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਇਸਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਯੋਗਾ ਨਾ ਸਿਰਫ਼ ਕਸਰਤ ਦਾ ਇਕ ਰੂਪ ਹੈ ਬਲਕਿ ਇਕ ਸਿਹਤਮੰਦ, ਖੁਸ਼ ਅਤੇ ਸ਼ਾਂਤੀਪੂਰਨ ਜੀਵਨ ਜਿਊਣ ਦਾ ਇਕ ਪ੍ਰਾਚੀਨ ਗਿਆਨ ਵੀ ਹੈ। ਇਹ ਅੰਦਰੂਨੀ ਸ਼ਾਂਤੀ ਅਤੇ ਅਧਿਆਤਮਿਕ ਗਿਆਨ ਪ੍ਰਾਪਤ ਕਰਨ ‘ਚ ਮਦਦ ਕਰਦਾ ਹੈ। ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ ਨੇ ਕਿਹਾ ਕਿ ਯੋਗਾ ਨਾ ਸਿਰਫ਼ ਵਿਅਕਤੀ ਨੂੰ ਰੋਗ ਮੁਕਤ ਬਣਾਉਂਦਾ ਹੈ ਅਤੇ ਸਰੀਰ ਨੂੰ ਮਜ਼ਬੂਤ ਅਤੇ ਲਚਕਦਾਰ ਬਣਾਉਂਦਾ ਹੈ ਬਲਕਿ ਤਣਾਅ ਤੋਂ ਵੀ ਰਾਹਤ ਦਿੰਦਾ ਹੈ। ਇਸ ਮੌਕੇ ਜਸਵਿੰਦਰ ਸਿੰਘ, ਪੰਕਜ ਕੁਮਾਰ, ਸੁਰਿੰਦਰ ਜੋਸ਼ੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ :
ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ, ਦ ਮਾਲ ਅੰਮ੍ਰਿਤਸਰ ਦੇ ਵਿਹੜੇ ‘ਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਰਾਮ ਐਜੂਕੇਸ਼ਨਲ ਸੁਸਾਇਟੀ ਦੇ ਸੰਯੁਕਤ ਸਕੱਤਰ ਸੁਰੇਸ਼ ਮਹਾਜਨ, ਗਵਰਨਿੰਗ ਕੌਂਸਲ ਦੇ ਮੈਂਬਰ ਸੁਰੇਂਦਰ ਦੁੱਗਲ, ਪ੍ਰਿੰਸੀਪਲ ਡਾ. ਵਿਨੋਦਿਤਾ ਸਾਂਖਿਆਨ, ਸਕੂਲ ਦੇ ਸੀ. ਏ. ਓ. ਡਾ. ਸੰਜੇ ਮਹਾਜਨ ਅਤੇ ਸ੍ਰੀ ਰਾਮ ਆਸ਼ਰਮ ਸੀ. ਸੈਕੰਡਰੀ ਸਕੂਲ ਦੇ ਅਧਿਆਪਕ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਵੀ ਕੀਤਾ ਗਿਆ, ਜੋ ਅੰਦਰੂਨੀ ਸ਼ਾਂਤੀ ਅਤੇ ਸਰੀਰਕ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ। ਯੋਗ ਦਿਵਸ ‘ਤੇ ਸਕੂਲ ਦੇ 25 ਐੱਨ.ਸੀ.ਸੀ. ਕੈਡਿਟਾਂ ਨੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਹਿੱਸਾ ਲਿਆ। ਸਕੂਲ ਦੇ ਪ੍ਰਧਾਨ ਬਲਬੀਰ ਬਜਾਜ ਨੇ ਜੀਵਨ ‘ਚ ਸਰੀਰਕ ਤੰਦਰੁਸਤੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰੀਰਕ ਸਿਹਤ ਵੱਲ ਧਿਆਨ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਇਹ ਸੰਦੇਸ਼ ਦਿੱਤਾ ਕਿ ਅੱਜ ਦੇ ਰੁਝੇਵੇਂ ਭਰੇ ਜੀਵਨ ‘ਚ ਯੋਗਾ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ, ਡਾ. ਵਿਨੋਦਿਤਾ ਸਾਂਖਿਆਨ ਨੇ ਵੀ ਯੋਗਾ ਦੀ ਮਹੱਤਤਾ ‘ਤੇ ਚਾਨਣਾ ਪਾਇਆ।
ਮਾਧਵ ਵਿਦਿਆ ਨਿਕੇਤਨ ਨੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ :
ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਨੇ ਸਿਹਤਮੰਦ ਉਮਰ ਲਈ ਯੋਗ ਦੇ ਆਦਰਸ਼ ‘ਤੇ ਆਧਾਰਿਤ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਯੋਗਾ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲੀ ਇਕ ਚਰਚਾ ਨਾਲ ਹੋਈ। ਇਸ ਸਮਾਗਮ ‘ਚ ਭਾਰਤੀ ਯੋਗ ਸਾਧਨਾ ਕੇਂਦਰ ਦੀਆਂ ਦੋ ਭੈਣਾਂ ਸਤਵੰਤ ਕੌਰ ਅਤੇ ਜਸਵੰਤ ਕੌਰ ਮੌਜੂਦ ਸਨ, ਜਿਨ੍ਹਾਂ ਨੇ ਪ੍ਰਬੰਧਨ ਕਮੇਟੀ, ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਅਭਿਆਸਾਂ ‘ਚ ਅਗਵਾਈ ਦਿੱਤੀ। ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਦੇ ਸਰਪ੍ਰਸਤ ਜਗਦੀਸ਼ ਮਹਾਜਨ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਸਰਸੰਘਚਾਲਕ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ। ਸਕੂਲ ਦੇ ਪ੍ਰਸ਼ਾਸਕ ਡਾ. ਕੇ.ਆਰ. ਤੁਲੀ ਨੇ ਅਸ਼ਟਾਂਗ ਯੋਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਪ੍ਰਧਾਨ ਡਾ. ਅਰੁਣ ਮਹਿਰਾ, ਸਰਪ੍ਰਸਤ ਜਗਦੀਸ਼ ਮਹਾਜਨ, ਸੂਬਾ ਪ੍ਰਤੀਨਿਧੀ ਡਾ. ਰਾਜੇਸ਼ ਮਹਾਜਨ, ਮੈਂਬਰ ਵਿਨੀਤ ਕਪੂਰ ਦੇ ਨਾਲ-ਨਾਲ ਪ੍ਰਿੰਸੀਪਲ ਸ੍ਰੀਮਤੀ ਰੀਨਾ ਠਾਕੁਰ ਮੌਜੂਦ ਸਨ।
ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ
ਸਪਰਿੰਗ ਡੇਲ ਸੀਨੀਅਰ ਸਕੂਲ ਵਲੋਂ ਯੋਗ-ਅਭਿਆਸ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਪ੍ਰੋਤਸ਼ਾਹਿਤ ਕਰਨ ਲਈ ਇਕ ਪ੍ਰੋਗਰਾਮ ਦੇ ਰਾਹੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਇਸ ਜਸ਼ਨ ਲਈ ਬਿਲਕੁਲ ਸਹੀ ਸਮਾਂ ਸਾਬਤ ਹੋਈਆਂ। ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਯੋਗ ਸਮੁੱਚੇ ਸਮਾਜ, ਖਾਸ ਕਰਕੇ ਨੌਜਵਾਨਾਂ ਲਈ ਸਰਵਪੱਖੀ ਸਿਹਤ ਨੂੰ ਅਪਣਾਉਣ ਅਤੇ ਬਿਹਤਰ ਸਿਹਤ ਮਿਆਰ ਹਾਸਿਲ ਕਰਨ ਦਾ ਇਕ ਸ਼ਾਨਦਾਰ ਸਾਧਨ ਹੈ। ਉਨ੍ਹਾਂ ਕਿਹਾ ਕਿ ਸਪਰਿੰਗ ਡੇਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨਾਂ ਦਾ ਉਦੇਸ਼ ਸਾਡੇ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਨਿਖਾਰਨਾ ਹੈ।

Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Ad Position 24