ਅੰਮ੍ਰਿਤਸਰ, 22 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ‘ਚ ਕੰਮ ਕਰਦੇ ਸਟਰੀਟ ਲਾਈਟ ਮੁਲਾਜ਼ਮਾਂ ਵਲੋਂ ਈ. ਸੀ. ਆਰ. ਦਾ ਬਕਾਇਆ ਅਤੇ ਤਨਖਾਹਾਂ ਸਮੇਂ ਸਿਰ ਨਾ ਮਿਲਣ ’ਤੇ ਰੋਸ ਪ੍ਰਗਟ ਕਰਦੇ ਹੋਏ ਨਿਗਮ ਦਫ਼ਤਰ ਵਿਖੇ ਥਾਲੀਆਂ ਖੜਕਾਅ ਕੇ ਮੁਜ਼ਾਹਰਾ ਕੀਤਾ। ਇਨ੍ਹਾਂ ਮੁਲਾਜ਼ਮਾਂ ਨਾਲ ਐਕਸੀਅਨ ਸਟਰੀਟ ਲਾਈਟ ਐੱਸ. ਪੀ. ਸਿੰਘ ਵਲੋਂ ਮੀਟਿੰਗ ਕਰਕੇ ਉਨ੍ਹਾਂ ਦਾ ਰੋਹ ਸ਼ਾਂਤ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟਰੀਟ ਲਾਈਟ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਬਾਅਦ ਮੁਲਾਜ਼ਮਾਂ ਦਾ ਈ. ਸੀ. ਆਰ. ਦਾ ਬਕਾਇਆ ਰਹਿੰਦਾ ਸੀ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਤਿੰਨ ਮਹੀਨੇ ਤੋਂ ਨਹੀਂ ਮਿਲ ਰਹੀਆਂ ਸਨ ਜਿਸ ਕਾਰਨ ਅੱਜ ਸਟਰੀਟ ਲਾਈਟ ਵਿਭਾਗ ਦੇ ਮੁਲਾਜ਼ਮਾਂ ਵਲੋਂ ਮਜਬੂਰ ਹੋ ਕੇ ਧਰਨਾ ਦਿੱਤਾ ਗਿਆ ਹੈ। ਇਸ ਉਪਰੰਤ ਐਕਸੀਅਨ ਸਟਰੀਟ ਲਾਈਟ ਐੱਸ. ਪੀ. ਸਿੰਘ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗ਼ੌਰ ਨਾਲ ਸੁਣਿਆ । ਇਸ ਦੌਰਾਨ ਮੁਲਾਜ਼ਮਾਂ ਨੇ ਸੁਰਖਿਆ ਕਿੱਟਾਂ ਦੇਣ ਅਤੇ ਬੀਮੇ ਦੀ ਮੰਗ ਵੀ ਰੱਖੀ। ਇਸ ਦੌਰਾਨ ਐਕਸੀਅਨ ਐੱਸ. ਪੀ. ਸਿੰਘ ਵਲੋਂ ਭਰੋਸਾ ਦਿੱਤਾ ਗਿਆ । ਸਟਰੀਟ ਲਾਈਟ ਮੁਲਾਜ਼ਮਾਂ ਦੀਆਂ ਜੋ ਜਾਇਜ਼ ਮੰਗਾਂ ਹਨ ਉਨ੍ਹਾਂ ਨੂੰ ਜਲਦ ਸਵੀਕਾਰ ਕੀਤਾ ਜਾਵੇਗਾ ਅਤੇ ਬੀਮੇ ਸੰਬੰਧੀ ਨਿਗਮ ਕਮਿਸ਼ਨਰ ਨਾਲ ਮਸ਼ਵਰਾ ਕਰਕੇ ਉਸ ਦਾ ਹੱਲ ਵੀ ਕੱਢਿਆ ਜਾਵੇਗਾ, ਜਿਸ ਉਪਰੰਤ ਸਟਰੀਟ ਲਾਈਟ ਮੁਲਾਜ਼ਮਾਂ ਵਲੋਂ ਆਪਣਾ ਧਰਨਾ ਸਮਾਪਤ ਕੀਤਾ।
ਈ. ਸੀ. ਆਰ. ਤੇ ਤਨਖਾਹਾਂ ਦੇ ਬਕਾਇਆਂ ਨੂੰ ਲੈ ਕੇ ਸਟਰੀਟ ਲਾਈਟ ਮੁਲਾਜ਼ਮਾਂ ਨੇ ਕੀਤਾ ਮੁਜ਼ਹਾਰਾ
ਅਜੀਤ ਡੈਸਕ
23-06-2026