ਅੰਮ੍ਰਿਤਸਰ, 26 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਭਾਰਤ-ਅਮਰੀਕਾ ਕਰ ਮੁਕਤ ਵਪਾਰ ਸਮਝੌਤੇ, ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ, ਯੂਰੀਆ ਖਾਦ ਦੀ ਘਾਟ, ਤੇ ਦੇਸ਼ ਵਿਚ ਵੱਧ ਰਹੀ ਮਹਿੰਗਾਈ ਤੇ ਡੂੰਘੇ ਹੁੰਦੇ ਆਰਥਿਕ ਸੰਕਟ ਦੇ ਵਿਰੋਧ ‘ਚ ਝੰਡਾ ਮਾਰਚ ਕੱਢਿਆ, ਜੋ ਰਣਜੀਤ ਐਵੀਨਿਊ ਤੋਂ ਸ਼ੁਰੂ ਹੋ ਕੇ ਡੀ. ਸੀ. ਦਫ਼ਤਰ ਨੇੜੇ ਸਮਾਪਤ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਜੰਗ ਅਤੇ ਸੁਰੱਖਿਆ ਦੇ ਨਾਂ ‘ਤੇ ਆਮ ਲੋਕਾਂ ‘ਤੇ ਵਾਧੂ ਆਰਥਿਕ ਬੋਝ ਪਾ ਰਹੀ ਹੈ, ਜਦਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਗਾਤਾਰ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਖੇਤੀਬਾੜੀ ਖਰਚਿਆਂ ਨੂੰ ਹੋਰ ਵਧਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ, ਯੂਰੀਆ ਦੀ ਕਮੀ, ਬਿਜਲੀ ਅਤੇ ਬੀਜ ਬਿੱਲ 2025, ਅਮਰੀਕੀ ਦਬਾਅ ਹੇਠ ਕੀਤੇ ਜਾ ਰਹੇ ਫ੍ਰੀ ਟਰੇਡ ਸਮਝੌਤੇ, ਮਨਰੇਗਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਡਕੌਂਦਾ ਵਲੋਂ 4 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿਚ ਵਿਸ਼ਾਲ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਜ਼ਾਹਰੇ ਦੀ ਸਫਲਤਾ ਲਈ ਪਿੰਡ ਪੱਧਰ ‘ਤੇ ਮੀਟਿੰਗਾਂ ਅਤੇ ਝੰਡਾ ਮਾਰਚ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਭਾਰਤ ਸਰਕਾਰ ਵਲੋਂ ਆਮ ਉਪਭੋਗਤਾਵਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਤੁਰੰਤ ਘਟਾਈਆਂ ਜਾਣ ਅਤੇ ਜੰਗ ਜਾਂ ਆਰਥਿਕ ਸੰਕਟ ਦਾ ਭਾਰ ਆਮ ਲੋਕਾਂ ਦੀ ਬਜਾਏ ਵੱਡੇ ਕਾਰਪੋਰੇਟ ਘਰਾਣਿਆਂ ‘ਤੇ ਪਾਇਆ ਜਾਵੇ। ਇਸ ਮੌਕੇ ਕੁਲਬੀਰ ਜੇਠਵਾਲ, ਸਤਿੰਦਰ ਸਿੰਘ ਫਤਹਿਗੜ੍ਹ ਸ਼ੁੱਕਰਚੱਕ, ਪਰਗਟ ਚੜਪੁਰ, ਸਤਨਾਮ ਸਿੰਘ ਭਕਨਾ, ਸੁਮੀਤ ਸਿੰਘ ਤਰਕਸ਼ੀਲ, ਗਿਆਨ ਸਿੰਘ ਕੰਦੋਵਾਲੀ, ਬਲਵਿੰਦਰ ਸਿੰਘ ਮੀਰਾਂਕੋਟ, ਨਿਰਵੈਰ ਸਿੰਘ ਪਠਾਨ ਨੰਗਲ, ਗੁਰਪ੍ਰੀਤ ਸਿੰਘ ਮੂਧਲ, ਬਲਦੇਵ ਸਿੰਘ ਮਾਛੀਨੰਗਲ, ਅਜੀਤ ਸਿੰਘ ਮੱਝੂਪੁਰਾ, ਸਾਹਿਬ ਸਿੰਘ ਸਾਘਣਾ, ਬਲਵੰਤ ਸਿੰਘ ਤਾਜੇਚੱਕ, ਗੁਰਭੇਜ ਸਿੰਘ ਕਠਾਣੀਆਂ, ਇੰਦਰਜੀਤ ਸਿੰਘ ਭਕਨਾ, ਡਾ. ਕੁਲਦੀਪ ਸਿੰਘ ਪੰਨੂ ਤਸਵੀਰ ਸਿੰਘ ਫੌਜੀ, ਪ੍ਰਤਾਪ ਸਿੰਘ, ਅਜੀਤਪਾਲ ਸਿੰਘ ਸੰਧੂ, ਰਾਣਾ ਮਨੇਸ਼, ਪਰਗਟ ਜਹਾਂਗੀਰ, ਹਰਜੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।