ਅਜੀਤ, ਜਲੰਧਰ
ਸਨਿਚਰਵਾਰ, 1 ਅਗਸਤ, 2026
ਲੋਕ ਮਸਲੇ : ਡੇਢ ਸਦੀ ਪੁਰਾਣੇ ਰੀਗੋ ਪੁਲ ਦੇ ਬੰਦ ਹੋਣ ਨਾਲ ਵਪਾਰਕ ਗਤੀਵਿਧੀਆਂ ’ਚ ਪੈ ਰਿਹਾ ਵਿਘਨ
* ਸ਼ਹਿਰਵਾਸੀਆਂ ਨੂੰ ਕਰਨਾ ਪੈ ਰਿਹਾ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ * ਅੰਗਰੇਜ਼ ਅਧਿਕਾਰੀ ਰੀਗੋ ਦੇ ਨਾਂਅ ’ਤੇ ਉਸਾਰੇ ਪੁਲ ਨੂੰ ਨਹੀਂ ਮਿਲ ਸਕੀ ‘ਮਹਾਵੀਰ ਪੁਲ’ ਵਜੋਂ ਮਾਨਤਾ
ਅੰਮ੍ਰਿਤਸਰ, 5 ਅਗਸਤ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀ ਜੀ. ਟੀ.
ਪ
ਪਿਆਰੇ ਲਾਲ ਸੇਠ ਅਤੇ ਸੁਰਿੰਦਰ ਦੁੱਗਲ
06-08-2026
ਅੰਮ੍ਰਿਤਸਰ, 5 ਅਗਸਤ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀ ਜੀ. ਟੀ. ਰੋਡ ਨੂੰ ਕਿਲ੍ਹਾ ਗੋਬਿੰਦਗੜ੍ਹ ਰੋਡ ਨਾਲ ਜੋੜਨ ਲਈ ਲਗਭਗ ਡੇਢ ਸਦੀ ਪਹਿਲਾਂ ਬਣਾਇਆ ਗਿਆ ਰੀਗੋ ਬ੍ਰਿਜ ਬਨਾਮ ਭਗਵਾਨ ਮਹਾਵੀਰ ਪੁਲ ਦੀ ਮਿਆਦ ਖ਼ਤਮ ਹੋਣ ਦੇ ਲੰਬੇ ਸਮੇਂ ਬਾਅਦ ਇਸ ਦੀ ਸ਼ੁਰੂ ਕੀਤੀ ਨਵਉਸਾਰੀ ਬਹੁਤ ਹੀ ਮੱਧਮ ਰਫ਼ਤਾਰ ਨਾਲ ਚੱਲ ਰਹੀ ਹੈ। ਜਿਸ ਕਾਰਨ ਸ਼ਹਿਰਵਾਸੀਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੰਮ੍ਰਿਤਸਰ ਸ਼ਹਿਰ ਦੀ ਲਾਈਫ਼ ਲਾਈਨ ਵਜੋਂ ਜਾਣੇ ਜਾਂਦੇ ਇਸ ਰੇਲਵੇ ਓਵਰ ਬ੍ਰਿਜ (ਆਰ. ਓ. ਬੀ.) ਦੀ ਮੱਧਮ ਰਫ਼ਤਾਰ ਨਾਲ ਚੱਲ ਰਹੀ ਉਸਾਰੀ ਬਾਰੇ ਕੁਝ ਜਾਗਰੂਕ ਸ਼ਹਿਰੀਆਂ ਦਾ ਕਹਿਣਾ ਹੈ ਕਿ ਜਿਸ ਹਲਕੀ ਰਫ਼ਤਾਰ ਨਾਲ ਪੁਲ ਦੀ ਉਸਾਰੀ ਚੱਲ ਰਹੀ ਹੈ, ਉਸ ਨੂੰ ਵੇਖਦਿਆਂ ਸਾਫ਼ ਹੋ ਜਾਂਦਾ ਹੈ ਕਿ ਤੈਅ ਸਮੇਂ ‘ਚ ਪੁਲ ਦੀ ਉਸਾਰੀ ਮੁਕੰਮਲ ਹੋਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਲਕਾ ਕੇਂਦਰੀ, ਉੱਤਰੀ ਅਤੇ ਪੱਛਮੀ ਦੇ ਲੋਕਾਂ ਵਲੋਂ ਵਰਤੋਂ ‘ਚ ਲਿਆਂਦੇ ਜਾਣ ਵਾਲੇ ਇਸ ਪੁਲ ਦੇ ਬੰਦ ਹੋਣ ਕਾਰਨ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ । ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਮਹੱਤਵਪੂਰਨ ਰੀਗੋ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ‘ਚ ਲਗਾਤਾਰ ਦੇਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲਗਭਗ ਢਾਈ ਸਾਲ ਤੋਂ ਚੱਲ ਰਹੇ ਨਿਰਮਾਣ ਕਾਰਜ ਨੇ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਨਾਲ ਆਮ ਲੋਕਾਂ, ਵਪਾਰੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰੀਗੋ ਬ੍ਰਿਜ ਦੇ ਬੰਦ ਹੋਣ ਨਾਲ ਵਪਾਰ ਅਤੇ ਵਪਾਰਕ ਗਤੀਵਿਧੀਆਂ ‘ਚ ਭਾਰੀ ਵਿਘਨ ਪੈ ਰਿਹਾ ਹੈ, ਜਿਸ ਨਾਲ ਸ਼ਹਿਰ ਦੇ ਵਪਾਰ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ । ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੁਲ ਦੇ ਨਿਰਮਾਣ ‘ਚ ਲੱਗਣ ਵਾਲਾ ਸਮਾਂ ਬਹੁਤ ਜ਼ਿਆਦਾ ਲੰਮਾ ਹੈ ਅਤੇ ਕੰਮ ਦੀ ਪ੍ਰਗਤੀ ਬਹੁਤ ਹੌਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਬੰਧਿਤ ਵਿਭਾਗ ਆਮ ਲੋਕਾਂ ਨੂੰ ਦਰਪੇਸ਼ ਅਸੁਵਿਧਾਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਜੀ. ਟੀ. ਰੋਡ ਅਤੇ ਗੋਬਿੰਦਗੜ੍ਹ ਕਿਲ੍ਹਾ ਖੇਤਰ ਨੂੰ ਜੋੜਨ ਵਾਲਾ ਇਕ ਪ੍ਰਮੁੱਖ ਰਸਤਾ ਹੈ ਅਤੇ ਇਸ ਦੇ ਬੰਦ ਹੋਣ ਨਾਲ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਰਹੀ ਹੈ। ਨਵਾਂ ਕੋਟ, ਇਸਲਾਮਾਬਾਦ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਹਜ਼ਾਰਾਂ ਲੋਕ ਰੋਜ਼ਾਨਾ ਟ੍ਰੈਫਿਕ ਜਾਮ ਦਾ ਸਾਹਮਣਾ ਕਰ ਰਹੇ ਹਨ। ਵਪਾਰ ਮੰਡਲ ਨੇ ਮੰਗ ਕੀਤੀ ਹੈ ਕਿ ਰੇਲਵੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਿਰਮਾਣ ਕਾਰਜ ਨੂੰ ਜੰਗੀ ਪੱਧਰ ‘ਤੇ ਪੂਰਾ ਕੀਤਾ ਜਾਵੇ ਅਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੁਲ ਨੂੰ ਜਨਤਾ ਲਈ ਖੋਲ੍ਹਿਆ ਜਾਵੇ। ਦੱਸਣਯੋਗ ਹੈ ਕਿ ਰੀਗੋ ਬ੍ਰਿਜ ਅੰਮ੍ਰਿਤਸਰ ਦਾ ਸਭ ਤੋਂ ਪੁਰਾਣਾ ਪੁਲ ਹੈ। ਇਤਿਹਾਸਕ ਦਸਤਾਵੇਜ਼ਾਂ ਮੁਤਾਬਿਕ ਇਸ ਦਾ ਨਿਰਮਾਣ ਸੰਨ 1866-68 ਦੇ ਵਿਚਕਾਰ ਪਬਲਿਕ ਵਰਕਸ ਡਿਪਾਰਟਮੈਂਟ ਵਲੋਂ ਮੁਕੰਮਲ ਕਰਵਾਏ ਜਾਣ ਤੋਂ ਬਾਅਦ ਇਸ ਦਾ ਨਾਂ ਅੰਗਰੇਜ਼ ਅਧਿਕਾਰੀ ਮਿਸਟਰ ਰੀਗੋ ਦੇ ਨਾਂ ‘ਤੇ ਰੱਖਿਆ ਗਿਆ । ਸਾਲ 1905 ‘ਚ ਅੰਗਰੇਜ਼ੀ ਸਰਕਾਰ ਵੇਲੇ ਇਸ ਪੁਲ ਦੀ ਨਵ-ਉਸਾਰੀ ਕਰਵਾਈ ਗਈ ਅਤੇ ਦੇਸ਼ ਦੀ ਵੰਡ ਦੇ ਬਾਅਦ ਇਸ ਦਾ ਨਾਂ ਭਗਵਾਨ ਮਹਾਂਵੀਰ ਪੁਲ ਰੱਖ ਦਿੱਤਾ ਗਿਆ । ਹਾਲਾਂਕਿ, ਅਜੇ ਤੱਕ ਵੀ ਇਸ ਦੇ ਨਵੇਂ ਨਾਂ ਨੂੰ ਮਾਨਤਾ ਨਹੀਂ ਮਿਲ ਸਕੀ ਅਤੇ ਲੋਕ ਇਸ ਨੂੰ ਰੀਗੋ ਬ੍ਰਿਜ ਵਜੋਂ ਹੀ ਸੰਬੋਧਿਤ ਕਰ ਰਹੇ ਹਨ।