ਅੰਮ੍ਰਿਤਸਰ, 27 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸਵੱਛ ਭਾਰਤ ਮਿਸ਼ਨ ਦੇ ਤਹਿਤ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਸਫ਼ਾਈ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਗਏ ਹਨ। ਰੇਲਵੇ ਮੰਤਰਾਲੇ ਨੇ ਸਾਰੇ ਰੇਲਵੇ ਡਿਵੀਜ਼ਨਾਂ ਨੂੰ ਖਾਸ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਟੇਸ਼ਨ ਕੰਪਲੈਕਸ, ਅੰਦਰ ਤੇ ਬਾਹਰ ਦੋਵੇਂ ਹਰ ਸਮੇਂ ਸਾਫ਼ ਰਹਿਣ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸਪੱਸ਼ਟ ਤੌਰ ‘ਤੇ ਦੇਖੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਦੇ ਗੋਲਬਾਗ ਸਾਈਡ ਗੇਟ ਐਂਟਰੀ ‘ਤੇ ਗੰਦਗੀ ਭਰਮਾਰ ਹੈ। ਗੰਦਗੀ ਦੇ ਢੇਰ ਆਉਣ ਵਾਲੇ ਯਾਤਰੀਆਂ ਦਾ ਸਵਾਗਤ ਕਰਦੇ ਦੇਖੇ ਜਾ ਸਕਦੇ ਹਨ। ਗੰਦਗੀ ਨਾ ਸਿਰਫ਼ ਬਦਬੂ ਮਾਰਦੀ ਹੈ, ਸਗੋਂ ਇਹ ਉਨ੍ਹਾਂ ਦੇ ਮਨਾਂ ‘ਚ ਸ਼ਹਿਰ ਦੀ ਇਕ ਨਕਾਰਾਤਮਕ ਤਸਵੀਰ ਵੀ ਬਣਾ ਰਹੀ ਹੈ। ਇਸ ਤੋਂ ਇਲਾਵਾ ਸਟੇਸ਼ਨ ਨੂੰ ਜਾਂਦੀ ਸੜਕ ਦੀ ਮਾੜੀ ਹਾਲਤ ਕਾਰਨ ਉੱਥੇ ਬਰਸਾਤੀ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਯਾਤਰੀਆਂ ਨੂੰ ਆਉਣ ਜਾਣ ‘ਚ ਵੱਡੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਇਸ ਸੰਬੰਧੀ ਜਦ ਮੌਕੇ ‘ਤੇ ਯਾਤਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਸਮੱਸਿਆ ਨਵੀਂ ਨਹੀਂ ਹੈ। ਇਕ ਯਾਤਰੀ ਨੇ ਕਿਹਾ ਕਿ ਜਦੋਂ ਵੀ ਉਹ ਗੋਲਬਾਗ ਵਲੋਂ ਸਟੇਸ਼ਨ ‘ਤੇ ਆਉਂਦੇ ਹਨ ਤਾਂ ਸਟੇਸ਼ਨ ਦੇ ਮੇਨ ਐਂਟਰੀ ਗੇਟ ‘ਤੇ ਫੈਲੀ ਗੰਦਗੀ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਮਹਿਲਾ ਯਾਤਰੀ ਨੇ ਕਿਹਾ ਕਿ ਕਹਿਣ ਨੂੰ ਤਾਂ ਇਹ ਸਮਾਰਟ ਸਿਟੀ ਦਾ ਰੇਲਵੇ ਸਟੇਸ਼ਨ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ‘ਚ ਯਾਤਰੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਲੇਕਿਨ ਗੰਦਗੀ ਦੀ ਇਹ ਤਸਵੀਰ ਸਵੱਛ ਭਾਰਤ ਮੁਹਿੰਮ ਨੂੰ ਮੂੰਹ ਚਿੜਾਉਂਦੀ ਹੈ।