ਅੰਮ੍ਰਿਤਸਰ, 27 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਦੀ ਸਾਂਝੀ ਦਾਖਲਾ ਪ੍ਰੀਖਿਆ-2026 ਸਫਲਤਾਪੂਰਵਕ ਕਰਵਾਈ ਗਈ। ਇਸ ਪ੍ਰਵੇਸ਼ ਪ੍ਰੀਖਿਆ ਲਈ 10 ਵੱਖ-ਵੱਖ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ। ਇਸ ਪ੍ਰੀਖਿਆ ‘ਚ ਕੁੱਲ 2677 ਵਿਦਿਆਰਥੀਆਂ ਨੇ ਭਾਗ ਲਿਆ। ਇਹ ਪ੍ਰੀਖਿਆ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗਾਂ ਦੇ ਵੱਖ-ਵੱਖ ਕੋਰਸਾਂ ਵਿਚ ਦਾਖਲੇ ਲਈ ਕਰਵਾਈ ਗਈ। ਇਨ੍ਹਾਂ ਵਿਚ ਮਾਸਟਰ ਆਫ਼ ਸਾਇੰਸ ਇਨ ਬੋਟਨੀ, ਕੈਮਿਸਟਰੀ, ਐਨਵਾਇਰਨਮੈਂਟਲ ਸਾਇੰਸ, ਫੂਡ ਟੈਕਨਾਲੋਜੀ, ਹਿਊਮਨ ਜੈਨੇਟਿਕਸ, ਮੈਥੇਮੈਟਿਕਸ, ਮਾਈਕ੍ਰੋਬਾਇਓਲੋਜੀ, ਫਿਜ਼ਿਕਸ ਅਤੇ ਜੂਆਲੋਜੀ ਤੋਂ ਇਲਾਵਾ ਐਗਰੀਕਲਚਰ, ਫਾਰਮੇਸੀ, ਕੰਪਿਊਟਰ ਇੰਜੀਨੀਅਰਿੰਗ, ਫੂਡ ਟੈਕਨਾਲੋਜੀ, ਟੈਕਸਟਾਈਲ ਪ੍ਰੋਸੈਸਿੰਗ ਟੈਕਨਾਲੋਜੀ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਤੇ ਰੋਬੋਟਿਕਸ ਇੰਜੀਨੀਅਰਿੰਗ ਅਤੇ ਅਰਬਨ ਐਂਡ ਰੀਜਨਲ ਪਲਾਨਿੰਗ ਦੇ ਕੋਰਸ ਸ਼ਾਮਿਲ ਹਨ। ਪ੍ਰੀਖਿਆ ਪ੍ਰਕਿਰਿਆ ਦਾ ਸੰਚਾਲਨ ਪ੍ਰੋ. ਅਮਨ ਮਹਾਜਨ (ਕੋਆਰਡੀਨੇਟਰ) ਅਤੇ ਡਾ. ਸਚਿਨ ਕੁਮਾਰ (ਡਿਪਟੀ ਕੋਆਰਡੀਨੇਟਰ) ਦੀ ਦੇਖ-ਰੇਖ ਹੇਠ ਕੀਤਾ ਗਿਆ। ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਪ੍ਰੀਖਿਆ ਦੇ ਸੁਚੱਜੇ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਦੱਸਿਆ ਕਿ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਦੀ ਵੈੱਬਸਾਈਟ ਅਤੇ ਦਾਖਲਾ ਪੋਰਟਲ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਰੈਂਕ ਅਤੇ ਵਰਗ ਅਨੁਸਾਰ ਕਾਊਂਸਲਿੰਗ ਦਾ ਸ਼ਡਿਊਲ ਵੀ ਉਪਲਬੱਧ ਹੈ। ਵਿਦਿਆਰਥੀ ਆਪਣੀ ਆਈਡੀ ਅਤੇ ਪਾਸਵਰਡ ਰਾਹੀਂ ਨਤੀਜਾ ਵੇਖ ਸਕਦੇ ਹਨ। ਪ੍ਰੋ. ਮਹਾਜਨ ਨੇ ਦੱਸਿਆ ਕਿ ਪ੍ਰੀਖਿਆ ਆਧਾਰਿਤ ਦਾਖਲਿਆਂ ਲਈ ਕਾਊਂਸਲਿੰਗ 3 ਜੁਲਾਈ 2026 ਤੋਂ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਚ ਸ਼ੁਰੂ ਹੋਵੇਗੀ। ਉਮੀਦਵਾਰਾਂ ਨੂੰ ਆਪਣੇ ਸਾਰੇ ਅਸਲ ਦਸਤਾਵੇਜ਼ਾਂ ਸਮੇਤ ਨਿਰਧਾਰਿਤ ਮਿਤੀ ਅਤੇ ਸਮੇਂ ਅਨੁਸਾਰ ਹਾਜ਼ਰ ਹੋਣ ਲਈ ਕਿਹਾ ਗਿਆ ਹੈ।