ਤਰਸਿੱਕਾ, 4 ਜੁਲਾਈ (ਅਤਰ ਸਿੰਘ ਤਰਸਿੱਕਾ)-ਅੱਜ ਬਾਅਦ ਦੁਪਹਿਰ ਪਿੰਡ ਤਰਸਿੱਕਾ ‘ਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦ ਵੱਡੀ ਗਿਣਤੀ ‘ਚ 6 ਪਿਸਤੌਲਾਂ ਨਾਲ ਲੈਸ ਗੈਂਗਸਟਰਾਂ ਨੇ ਗੋਲੀਆਂ ਚਲਾ ਕੇ ਸੰਤੋਖ ਸਿੰਘ, ਜੁਗਰਾਜ ਸਿੰਘ ਗਾਜੀ ਤੇ ਮਨਜੀਤ ਕੌਰ ਦੇ ਘਰ ਆ ਕੇ ਤਿੰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਅੱਜ ਜਦ ਕਿ ਹਰਭਜਨ ਸਿੰਘ ਈ ਟੀਓ ਕੈਬਨਟ ਮੰਤਰੀ ਪੰਜਾਬ ਪਿੰਡ ਤਰਸਿੱਕਾ ‘ਚ ਲੋਕ ਮਿਲ਼ਨੀ ਲਈ ਪਹੁੰਚੇ ਸਨ ਤੇ ਉਨ੍ਹਾਂ ਦੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਦੁਖਾਂਤ ਵਾਪਰ ਗਿਆ। ਸੂਚਨਾ ਮਿਲਣ ਤੇ ਸਬ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਥਾਣਾ ਤਰਸਿੱਕਾ ਪੁਲਿਸ ਪਾਰਟੀ ਨਾਲ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਆਪਣੇ ਪਿਸਤੌਲ ਨਾਲ ਪੰਜ ਫਾਇਰ ਕਰਕੇ ਚਾਰ ਵਿਅਕਤੀਆਂ ਨੂੰ ਫੜ ਲਿਆ। ਇਸ ਮੌਕੇ ਜ਼ਖ਼ਮੀ ਸੰਤੋਖ ਸਿੰਘ ਤਰਸਿੱਕਾ ਨੇ ਦੱਸਿਆ ਕਿ 30-40 ਨੌਜਵਾਨਾਂ ਨੇ ਹਮਲਾ ਕਰਕੇ ਜਿਨ੍ਹਾਂ ‘ਚ ਮਨਦੀਪ ਸਿੰਘ ਮਨੀ, ਜੱਗੂ ਜਗਜੀਤ ਸਿੰਘ ਤੇ ਰਾਜਾ ਆਪਣੇ ਕੁਛ ਅਣਪਛਾਤੇ ਵਿਅਕਤੀਆਂ ਨਾਲ ਛੇ ਪਿਸਤੌਲਾਂ ਨਾਲ ਆ ਕੇ ਸਾਡੇ ਘਰ ਆ ਕੇ ਤੇ ਹਮਲਾ ਕਰ ਦਿੱਤਾ । ਜਿਸ ਨਾਲ ਅਸੀਂ ਜ਼ਖ਼ਮੀ ਹੋ ਗਏ ਅਤੇ ਭੱਜ ਕੇ ਆਪਣੀ ਜਾਨ ਬਚਾਈ। ਇਸ ਮੌਕੇ ਐਸ. ਐੱਚ.ਓ. ਥਾਣਾ ਤਰਸਿੱਕਾ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਮੈਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕਰਕੇ ਪੰਜ ਰਾਊਂਡ ਗੋਲੀਆਂ ਚਲਾਈਆਂ ਅਤੇ ਹਾਦਸੇ ‘ਚ ਮੇਰੀ ਗੱਡੀ ਵੀ ਨੁਕਸਾਨੀ ਗਈ ਹੈ ਅਤੇ ਮੈਂ ਇਨ੍ਹਾਂ ਵਿਅਕਤੀਆਂ ‘ਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਫਤੀਸ਼ ਜਾਰੀ ਹੈ ਅਤੇ ਛੇਤੀ ਹੀ ਸਾਰੇ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿੰਡ ਦੇ ਲੋਕਾਂ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੇ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਕੀਤੀ ਜਾਵੇ।