ਅੰਮ੍ਰਿਤਸਰ, 7 ਜੁਲਾਈ (ਹਰਮਿੰਦਰ ਸਿੰਘ)- ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ, ਆਈ.ਏ.ਐੱਸ. ਅਤੇ ਵਧੀਕ ਮੁੱਖ ਪ੍ਰਸ਼ਾਸਕ ਇਨਾਯਤ ਪੀ.ਸੀ.ਐੱਸ. ਦੇ ਹੁਕਮਾਂ ’ਤੇ ਏ.ਡੀ.ਏ. ਦੇ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਵਿੰਗ ਵਲੋਂ ਥਾਣਾ ਕੰਬੋ ਦੀ ਪੁਲਿਸ ਦੀ ਮੌਜੂਦਗੀ ’ਚ ਤਿੰਨ ਨਵੀਆਂ ਵਿਕਸਿਤ ਹੋ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਕਾਰਵਾਈ ਕੀਤੀ ਗਈ । ਇਹ ਕਾਰਵਾਈ ਪਿੰਡ ਕੰਬੋ, ਪਿੰਡ ਖੈਰਾਂਬਾਦ ਅਤੇ ਪਿੰਡ ਦਾਲਮ ਵਿਖੇ ਵਿਕਸਿਤ ਕੀਤੀਆਂ ਜਾ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ਵਿਚ ਕੀਤੀ ਗਈ, ਜਿੱਥੇ ਗ਼ੈਰ-ਕਾਨੂੰਨੀ ਵਿਕਾਸ ਕਾਰਜਾਂ ਨੂੰ ਢਾਹ ਦਿੱਤਾ ਗਿਆ । ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਭਵਿੱਖ ਦੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਾਪਰਾ ਐਕਟ-1995 ਅਧੀਨ ਇਨ੍ਹਾਂ ਕਾਲੋਨੀਆਂ ਦੇ ਵਿਕਾਸ ਕਾਰਾਂ ਨੂੰ ਨੋਟਿਸ ਜਾਰੀ ਕਰਕੇ ਕੰਮ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ । ਨੋਟਿਸਾਂ ਦੇ ਬਾਵਜੂਦ ਵਿਕਾਸ ਕਾਰਜ ਜਾਰੀ ਰੱਖੇ ਜਾਣ ਕਾਰਨ 3 ਜੁਲਾਈ ਨੂੰ ਕਾਲੋਨੀਆਂ ਨੂੰ ਤੋੜਣ ਦੇ ਹੁਕਮ ਜਾਰੀ ਕੀਤੇ ਗਏ, ਜਿਨ੍ਹਾਂ ਦੀ ਪਾਲਣਾ ਕਰਦਿਆਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਕੰਬੋ ਵਿਖੇ ਸਥਿਤ ਅਣ-ਅਧਿਕਾਰਤ ਕਾਲੋਨੀ ਵਿਰੁੱਧ ਪਹਿਲਾਂ ਵੀ 10 ਅਕਤੂਬਰ 2025 ਨੂੰ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ ਵਿਭਾਗ ਨੂੰ ਕਾਨੂੰਨੀ ਕਾਰਵਾਈ ਲਈ ਲਿਖਿਆ ਗਿਆ ਸੀ। ਇਸੇ ਤਰ੍ਹਾਂ ਪਿੰਡ ਦਾਲਮ ਵਿਖੇ ਸਥਿਤ ਕਾਲੋਨੀ ਵਿਰੁੱਧ 12 ਜੂਨ 2026 ਨੂੰ ਵੀ ਕਾਰਵਾਈ ਕੀਤੀ ਗਈ ਸੀ, ਪਰ ਕਾਲੋਨਾਈਜ਼ਰਾਂ ਵਲੋਂ ਦੁਬਾਰਾ ਗ਼ੈਰ-ਕਾਨੂੰਨੀ ਵਿਕਾਸ ਕਾਰਜ਼ ਸ਼ੁਰੂ ਕਰ ਦਿੱਤਾ ਗਿਆ, ਜਿਸ ਕਾਰਨ ਨਵੇਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਮੁੜ ਢਾਹ ਦਿੱਤਾ ਗਿਆ।
ਤਿੰਨ ਅਣ-ਅਧਿਕਾਰਤ ਕਾਲੋਨੀਆਂ ’ਤੇ ਚੱਲਿਆ ਪੁੱਡਾ ਦਾ ਪੀਲਾ ਪੰਜਾ
ਅਜੀਤ ਡੈਸਕ
08-07-2026