07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅੰਮ੍ਰਿਤਸਰ ਸ਼ਹਿਰ ’ਚ ਪੁਲਿਸ ਮੁਕਾਬਲੇ ’ਚ ਇਕ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 08-07-2026

* ਦੂਜੇ ਸ਼ੂਟਰ ਦਾ ਕੋਠੇ ਤੋਂ ਛਾਲ ਮਾਰਨ ਕਾਰਨ ਗਿੱਟਾ ਟੁੱਟਾ, ਦੋਵੇਂ ਹਸਪਤਾਲ ਦਾਖ਼ਲ
* ਮਾਮਲਾ ਵਪਾਰੀ ਤੋਂ ਫਿਰੌਤੀ ਖ਼ਾਤਰ ਗੋਲੀਆਂ ਚਲਾਉਣ ਵਾਲੇ 2 ਸ਼ੂਟਰਾਂ ਦੀ ਗ੍ਰਿਫਤਾਰੀ ਦਾ

ਅੰਮ੍ਰਿਤਸਰ, 7 ਜੁਲਾਈ ਰੇਸ਼ਮ ਸਿੰਘ)- ਸ਼ਹਿਰ ਦੇ ਪਾਸ਼ ਖੇਤਰ ’ਚ ਪੁਲਿਸ ਮੁਕਾਬਲੇ ਉਪਰੰਤ ਇਕ ਗੈਂਗਸਟਰ ਗੋਲੀ ਚੱਲਣ ਕਾਰਨ ਜ਼ਖ਼ਮੀ ਹੋ ਗਿਆ, ਜਦੋਂ ਕਿ ਦੂਜੇ ਦੀ ਗ੍ਰਿਫਤਾਰੀ ਮੌਕੇ ਕੋਠੇ ਤੋਂ ਛਾਲ ਮਾਰਨ ਕਾਰਨ ਗਿੱਟਾ ਤੁੜਵਾ ਬੈਠਾ । ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਹਸਪਤਾਲ ਭਰਤੀ ਕਰਵਾ ਦਿੱਤਾ ਹੈ । ਇਹ ਮਾਮਲਾ ਇਕ ਵਪਾਰੀ ਤੋਂ ਫਿਰੌਤੀ ਲੈਣ ਖ਼ਾਤਰ ਕਾਲਾਂ ਕਰਨ ਤੇ ਡਰਾਵਾ ਦੇਣ ਲਈ ਗੋਲੀਆਂ ਚਲਾਉਣ ਦਾ ਹੈ । ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਮੌਕਿਆ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸ਼ੂਟਰ ਦੀ ਸ਼ਨਾਖਤ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ (19) ਤੇ ਦੂਜੇ ਦੀ ਸ਼ਨਾਖਤ ਸਾਜਨਪ੍ਰੀਤ ਸਿੰਘ ਉਰਫ਼ ਸਾਜਨ (26) ਵਾਸੀਆਂ ਪਿੰਡ ਵੀਰਮ ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਦੋਵੇਂ ਆਪਸ ’ਚ ਰਿਸ਼ਤੇਦਾਰ ਹਨ । ਉਨ੍ਹਾਂ ਵਾਪਰੀ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਬੀਤੇ 1 ਜੁਲਾਈ ਨੂੰ ਇੱਥੇ ਇਕ ਵਪਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ ਗਈਆਂ ਸੀ । ਇਹ ਮਾਮਲਾ ਫਿਰੌਤੀ ਲਈ ਕਾਲਾਂ ਕਰਨ ਤੇ ਡਰਾ ਕੇ ਵਸੂਲੀ ਕਰਨ ਦਾ ਸੀ। ਵਪਾਰੀ ਡਰ ਗਿਆ ਤੇ ਉਸ ਨੇ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ ਜਦੋਂ ਕਿ ਪੁਲਿਸ ਨੂੰ ਪਤਾ ਲਗਿਆ ਤਾਂ ਉਸ ਵਲੋਂ ਆਪਣੇ ਪੱਧਰ ’ਤੇ ਤੁਰੰਤ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਥਾਣਾ ਸਿਵਲ ਲਾਈਨ ਖੇਤਰ ’ਚ ਮਾਮਲਾ ਦਰਜ ਕਰਕੇ ਉਕਤ ਦੋਵਾਂ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਗਿਆ । ਦੋਵਾਂ ਸ਼ੂਟਰਾਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਤੇ ਟੀਮਾਂ ਮਜੀਠਾ ਵੱਲ ਰਵਾਨਾ ਹੋਈਆਂ। ਜਿੱਥੇ ਇਕ ਟੀਮ ਨੇ ਮੁਲਜ਼ਮ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਕਿ ਦੂਜੀ ਟੀਮ ਨੇ ਨਾਲ ਹੀ ਦੂਜੇ ਨੌਜਵਾਨ ਸਾਜਨਪ੍ਰੀਤ ਸਿੰਘ ਉਰਫ ਸਾਜਨ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਤਾਂ ਉਸਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ । ਭੱਜਣ ਦੀ ਕੋਸ਼ਿਸ਼ ਵਿਚ ਕੋਠੇ ਤੋਂ ਛਾਲ ਮਾਰਨ ’ਤੇ ਉਸਦੇ ਸੱਜੇ ਗਿੱਟੇ ’ਚ ਸੱਟ ਲੱਗ ਗਈ। ਜਿਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਅੱਜ ਪੁਲਿਸ ਮੁਕਾਬਲੇ ਸਬੰਧੀ ਉਨ੍ਹਾਂ ਦਸਿਆ ਕਿ ਜਦੋਂ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨੂੰ ਅੰਮ੍ਰਿਤਸਰ ਵਾਪਸ ਲਿਆ ਰਹੀ ਸੀ ਤਾਂ ਸ਼ਹਿਰ ਦੇ ਪਾਸ਼ ਖੇਤਰ ਮਦਨ ਮੋਹਨ ਮਾਲਵੀਆ ਰੋਡ ਦੇ ਨੇੜੇ ਗੱਡੀ ਹੌਲੀ ਹੋ ਗਈ ਕਿਉਂਕਿ ਇਕ ਜਾਨਵਰ ਅਚਾਨਕ ਗੱਡੀ ਦੇ ਸਾਹਮਣੇ ਆ ਗਿਆ। ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, ਮੁਲਜ਼ਮ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨੇ ਕਾਨੂੰਨੀ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਏ.ਐਸ.ਆਈ. ਸਤਨਾਮ ਸਿੰਘ ਦੀ ਸਰਕਾਰੀ ਸਟੇਨਗੰਨ ਕਾਰਬਾਈਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕਿ ਹਥੋਪਾਈ ਤੇ ਕਸ਼ਮਕਸ਼ ’ਚ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਜੋ ਉਸਦੇ ਪੈਰ ’ਚ ਲੱਗੀ ਜਿਸ ਨੂੰ ਪੁਲਿਸ ਵਲੋਂ ਤੁਰੰਤ ਮੈਡੀਕਲ ਸਹਾਇਤਾ ਦੇਣ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਸ੍ਰੀ ਸਿਰੀਵਨੇਲਾ ਗਗਨਦੀਪ ਸਿੰਘ ਏ.ਸੀ.ਪੀ. ਉਤਰੀ ਇੰਸ: ਅਮੋਲਕਦੀਪ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਤਿੰਨ ਅਣ-ਅਧਿਕਾਰਤ ਕਾਲੋਨੀਆਂ ’ਤੇ ਚੱਲਿਆ ਪੁੱਡਾ ਦਾ ਪੀਲਾ ਪੰਜਾ ਅਗਲੀ ਖ਼ਬਰ ਮਜ਼ਦੂਰਾਂ ਦੀ ਉਜਰਤ ’ਚ 15 ਫ਼ੀਸਦੀ ਵਾਧੇ ਦਾ ਐਲਾਨ ਸਿਰਫ਼ ਹਵਾਈ ਦਾਅਵੇ-ਰਾਜਿੰਦਰ ਸਿੰਘ ਵਿਰਕ
Ad Position 24
No active advertisement