08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਭਵਨਜ਼ ਹੈਲਥ ਕੇਅਰ ਸੈਂਟਰ ਆਨ ਵ੍ਹੀਲਜ਼ ਨੂੰ ਰਾਜਪਾਲ ਕਟਾਰੀਆ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 12-07-2026

ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇਥੇ ਨਿਊ ਅੰਮ੍ਰਿਤਸਰ ਵਿਖੇ ਭਾਰਤੀ ਵਿਦਿਆ ਭਵਨ ਵਲੋਂ ਸ਼ੁਰੂ ਕੀਤੇ ਗਏ ‘ਭਵਨਜ਼ ਹੈਲਥ ਕੇਅਰ ਸੈਂਟਰ ਆਨ ਵ੍ਹੀਲਜ਼’ ਤਹਿਤ ਮੋਬਾਈਲ ਸਿਹਤ ਸੰਭਾਲ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮੋਬਾਈਲ ਸਿਹਤ ਸੇਵਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਮੁਫ਼ਤ ਸਿਹਤ ਅਤੇ ਦੰਦਾਂ ਦੀਆਂ ਸੇਵਾਵਾਂ ਪ੍ਰਦਾਨ ਕਰੇਗੀ । ਰਾਜਪਾਲ ਸ੍ਰੀ ਕਟਾਰੀਆ ਨੇ ਭਾਰਤੀ ਵਿਦਿਆ ਭਵਨ ਦੀ ਇਸ ਲੋਕ-ਭਲਾਈ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਮੋਬਾਈਲ ਹੈਲਥ ਕੇਅਰ ਯੂਨਿਟ ਹੈ, ਜਿਸ ਵਿਚ ਆਮ ਸਿਹਤ ਜਾਂਚ ਅਤੇ ਦੰਦਾਂ ਦੇ ਇਲਾਜ ਦੀਆਂ ਸੁਵਿਧਾਵਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਤੱਕ ਮੁਫ਼ਤ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਹੈ, ਜਿਨ੍ਹਾਂ ਦੀ ਉੱਚ ਪੱਧਰੀ ਸਿਹਤ ਸਹੂਲਤਾਂ ਤੱਕ ਪਹੁੰਚ ਸੀਮਤ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦੀ ਅਸਲ ਤਾਕਤ ਉਸ ਦੀਆਂ ਮਾਨਵਤਾਵਾਦੀ ਕਦਰਾਂ-ਕੀਮਤਾਂ ਵਿਚ ਨਿਹਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਰਸਵਾਰਥ ਭਾਵਨਾ ਨਾਲ ਕੀਤੀ ਗਈ ਸੇਵਾ ਹੀ ਸੱਚੀ ਸਮਾਜ ਸੇਵਾ ਹੈ ਅਤੇ ਲੋੜਵੰਦਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਇਕ ਮਹਾਨ ਕਾਰਜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆ ਭਵਨ ਵਲੋਂ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਹਨ। ਇਸ ਤੋਂ ਪਹਿਲਾਂ ਰਾਜਪਾਲ ਨੇ ਭਵਨ ਆਸਰੇ ਵਿਖੇ ਚੱਲ ਰਹੇ ਸੀਨੀਅਰ ਸਿਟੀਜ਼ਨ ਹੋਮ ਅਤੇ ਮੈਂਟਲ ਡਿਸਏਬਿਲਟੀ ਸੈਂਟਰ ਦਾ ਦੌਰਾ ਕਰਕੇ ਉੱਥੇ ਰਹਿ ਰਹੇ ਲੋੜਵੰਦਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਭਾਰਤੀ ਵਿਦਿਆ ਭਵਨ ਦੇ ਪ੍ਰਧਾਨ ਸ੍ਰੀ ਅਵਿਨਾਸ਼ ਮਹੇਂਦਰੂ ਨੇ ਦੱਸਿਆ ਕਿ ਮੋਬਾਈਲ ਸਿਹਤ ਸੰਭਾਲ ਸੇਵਾ ਲਈ ਸ਼ਹਿਰ ਵਿਚ ਤਿੰਨ ਥਾਵਾਂ ਦੀ ਚੋਣ ਕੀਤੀ ਗਈ ਹੈ। ਫੈਜ਼ਪੁਰਾ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਰਣਜੀਤ ਐਵੀਨਿਊ ਬਲਾਕ ਦੇ ਪਿੱਛੇ, ਗਲੀ ਬਾਂਕੇ ਬਿਹਾਰੀ ਟੀ-ਪੁਆਇੰਟ, ਪੰਨਾ ਮਿੱਲ, ਬਟਾਲਾ ਰੋਡ ਅਤੇ ਭਾਰਤੀ ਵਿਦਿਆ ਭਵਨ-2, ਗੇਟ ਨੰਬਰ-22 ਵਿਖੇ ਲੋਕ ਮੁਫ਼ਤ ਸਿਹਤ ਜਾਂਚ ਅਤੇ ਦੰਦਾਂ ਦੇ ਇਲਾਜ ਦੀਆਂ ਸੇਵਾਵਾਂ ਦਾ ਲਾਭ ਲੈ ਸਕਣਗੇ। ਭਾਰਤੀ ਵਿਦਿਆ ਭਵਨ ਵਲੋਂ ਅਜਨਾਲਾ ਦੇ ਮਾਛੀਵਾਲਾ ਸਕੂਲ ਦੀ ਹੜ੍ਹਾਂ ਕਾਰਨ ਨੁਕਸਾਨੀ ਗਈ ਇਮਾਰਤ ਨੂੰ ਲਗਭਗ 1.20 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਤਿਆਰ ਕੀਤਾ ਜਾ ਰਿਹਾ ਹੈ। ਸਮਾਗਮ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਭਾਰਤੀ ਵਿਦਿਆ ਭਵਨ ਦੇ ਪ੍ਰਧਾਨ ਸ੍ਰੀ ਅਵਿਨਾਸ਼ ਮਹੇਂਦਰੂ, ਟਰੱਸਟੀ ਸ੍ਰੀ ਐੱਸ.ਐੱਨ. ਜੋਸ਼ੀ, ਡਾਇਰੈਕਟਰ ਡਾ. ਅਨੀਤਾ ਭੱਲਾ, ਸ੍ਰੀ ਅਨਿਲ ਸਿੰਗਲ, ਪ੍ਰਿੰਸੀਪਲ ਸ੍ਰੀਮਤੀ ਸੋਨੀਆ ਸਹਿਦੇਵ, ਸ੍ਰੀ ਅਸ਼ਵਨੀ ਮਲਹੋਤਰਾ, ਵਿਧਾਇਕ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਐਡੀਸ਼ਨਲ ਚੀਫ਼ ਸੈਕਟਰੀ ਸ੍ਰੀ ਵੀ.ਪੀ. ਸਿੰਘ, ਡੀਆਈਜੀ ਸਿਕਿਉਰਟੀ ਜਸਦੇਵ ਸਿੰਘ, ਏ.ਡੀ.ਸੀ. (ਪੀ) ਰਣਧੀਰ ਸਿੰਘ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਜਾਰੀ ਅਗਲੀ ਖ਼ਬਰ ਕੋਆਪਰੇਟਿਵ ਸੁਸਾਇਟੀ ਨੇ ਕਿਸਾਨਾਂ ਦੀ ਸਹੂਲਤ ਲਈ ਵਾਟਰ ਕੂਲਰ ਲਗਵਾਇਆ
Ad Position 24