ਅੰਮ੍ਰਿਤਸਰ, 11 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਜਾਰੀ ਹਨ । ਸ਼੍ਰੋਮਣੀ ਕਮੇਟੀ ਵਲੋਂ ਇਹ ਸ਼ਤਾਬਦੀ ਸਮਾਗਮ ਜਥੇ: ਸਮੁੰਦਰੀ ਦੀ ਯਾਦ ਨੂੰ ਸਮਰਪਿਤ ਆਪਣੇ ਮੁੱਖ ਦਫ਼ਤਰ, ਜਿੱਥੇ ਜਨਰਲ ਇਜਲਾਸ ਅਤੇ ਅਹਿਮ ਇਕੱਤਰਤਾਵਾਂ ਹੁੰਦੀਆਂ ਹਨ, ਵਿਖੇ ਸਥਾਪਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 17 ਜੁਲਾਈ ਨੂੰ ਰੱਖਿਆ ਗਿਆ ਹੈ । ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕਰਦੀ ਹੈ। ਜਥੇ: ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਿਆਂ ਦੇ ਸੁਤੰਤਰ ਪ੍ਰਬੰਧ ਅਤੇ ਪੰਥਕ ਸਿਧਾਂਤਾਂ ਦੀ ਰੱਖਿਆ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕੀਤਾ ਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਵਿਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਸੀ । ਉਨ੍ਹਾਂ ਕਿਹਾ ਕਿ ਜਥੇ: ਸਮੁੰਦਰੀ ਨਮਿਤ ਸ਼ਤਾਬਦੀ ਸਮਾਗਮ ਦੌਰਾਨ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਵਲੋਂ ਨਿਭਾਈਆਂ ਪੰਥਕ ਸੇਵਾਵਾਂ ਸਬੰਧੀ ਵਿਚਾਰ ਸਾਂਝੇ ਕਰਨਗੀਆਂ । ਜ਼ਿਕਰਯੋਗ ਹੈ ਕਿ ਜਥੇਦਾਰ ਸਮੁੰਦਰੀ ਅਮਰੀਕਾ ਵਿਚ ਲੰਬਾ ਅਰਸਾ ਭਾਰਤ ਦੇ ਰਾਜਦੂਤ ਵਲੋਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਦਿੱਲੀ ਦੇ ਮੌਜੂਦਾ ਲੈਫਟੀਨੈਂਟ ਜਨਰਲ ਸ: ਤਰਨਜੀਤ ਸਿੰਘ ਸੰਧੂ (ਸਮੁੰਦਰੀ) ਦੇ ਸਤਿਕਾਰਤ ਦਾਦਾ ਜੀ ਹਨ । ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਵੀ 17 ਜੁਲਾਈ ਨੂੰ ਹੀ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮਸਤੂਆਣਾ ਸਾਹਿਬ ਵਿਖੇ ਮਨਾਉਣ ਦਾ ਐਲਾਣ ਕੀਤਾ ਹੋਇਆ ਹੈ ।
ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਜਾਰੀ
ਅਜੀਤ ਡੈਸਕ
12-07-2026