ਅੰਮ੍ਰਿਤਸਰ, 15 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀਆਂ ਗਈਆਂ ਨਿਯੁਕਤੀ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਰਬਜੋਤ ਸਿੰਘ ਧੰਜਲ ਨੂੰ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਰਮਜੀਤ ਸਿੰਘ ਰਿੰਟੂ ਬਤੌਰ ਚੇਅਰਮੈਨ ਨਗਰ ਸੁਧਾਰ ਟਰੱਸਟ ਦੀ ਜ਼ਿੰਮੇਵਾਰ ਨਿਭਾ ਰਹੇ ਸਨ। ਰਿੰਟੂ ਨੂੰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਦੇ ਹਲਕਾ ਉੱਤਰੀ ਦਾ ਇੰਚਾਰਜ ਲਗਾਇਆ ਹੋਇਆ ਹੈ। ਸਰਬਜੋਤ ਸਿੰਘ ਧੰਜਲ ਸਾਲ 2014 ਤੋਂ ਆਮ ਆਦਮੀ ਪਾਰਟੀ ਨਾਲ ਇਕ ਸਮਰਪਿਤ ਵਲੰਟੀਅਰ ਵਜੋਂ ਜੁੜੇ ਹੋਏ ਹਨ। ਸਾਲ 2016 ‘ਚ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਵਜੋਂ ਪਾਰਟੀ ਦੀ ਜ਼ਿੰਮੇਵਾਰੀ ਨਿਭਾਈ ਅਤੇ 2017 ‘ਚ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਵੀ ਲੜੀ। ਪਾਰਟੀ ਦੇ ਸੰਘਰਸ਼ ਦੇ ਦੌਰ ਤੋਂ ਲੈ ਕੇ ਅੱਜ ਤੱਕ ਉਹ ਲਗਾਤਾਰ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਰਗਰਮ ਰਹੇ ਹਨ। 2022 ‘ਚ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਉਪਰੰਤ 2026 ‘ਚ ਉਨ੍ਹਾਂ ਨੂੰ ਦੁਬਾਰਾ ਆਮ ਆਦਮੀ ਪਾਰਟੀ-ਅੰਮ੍ਰਿਤਸਰ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਵਲੰਟੀਅਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਬਜੋਤ ਸਿੰਘ ਧੰਜਲ ਦੀ ਲੰਬੇ ਸਮੇਂ ਦੀ ਸੰਗਠਨਾਤਮਕ ਸੇਵਾ, ਪ੍ਰਸ਼ਾਸਨਿਕ ਤਜਰਬੇ ਅਤੇ ਲੋਕਾਂ ਨਾਲ ਜੁੜਾਅ ਨੂੰ ਦੇਖਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਧੰਜਲ ਦੀ ਅਗਵਾਈ ਵਿਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਲੋਂ ਸ਼ਹਿਰ ਦੇ ਵਿਕਾਸ, ਬੁਨਿਆਦੀ ਢਾਂਚੇ ਦੇ ਮਜ਼ਬੂਤੀਕਰਨ ਅਤੇ ਲੋਕ ਭਲਾਈ ਦੇ ਪ੍ਰੋਜੈਕਟਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਮਠਾੜੂ, ਹਰਿੰਦਰ ਸਿੰਘ, ਜਸਕਰਨਦੀਪ ਸਿੰਘ, ਬੰਟੀ ਮਹਾਜਨ, ਬੂਟਾ ਰਾਮ ਵੇਰਕਾ , ਹਰਮਿੰਦਰ ਸਿੰਘ, ਗੌਰਵ ਅਗਰਵਾਲ, ਮਨਦੀਪ ਸਿੰਘ ਮੌਂਗਾ, ਅਮਰਿੰਦਰ ਸਿੰਘ ਸੋਹਲ, ਰਵੀਦੀਪ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ। ਇਸ ਦੌਰਾਨ ਸਰਬਜੋਤ ਸਿੰਘ ਧੰਜਲ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।
ਸਰਬਜੋਤ ਸਿੰਘ ਧੰਜਲ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਨਿਯੁਕਤ
ਅਜੀਤ ਡੈਸਕ
16-07-2026