ਅੰਮ੍ਰਿਤਸਰ, 23 ਜੁਲਾਈ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਇੰਜ: ਸ਼ਵੇਤ ਮਲਿਕ ਨੇ ਸਿਵਲ ਲਾਈਨਜ਼ ਕੋਰਟ ਰੋਡ ਦੇ ਨਾਲ ਐਲਬਰਟ ਰੋਡ ‘ਤੇ ਸਥਿਤ ਇਕ ਪ੍ਰੀਖਿਆ ਕੇਂਦਰ ਕਾਰਨ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਉਹ ਹਮੇਸ਼ਾਂ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੜੇ ਹਨ ਅਤੇ ਇਸੇ ਸੋਚ ਨੂੰ ਲੈ ਕੇ ਲੜਦੇ ਰਹਿਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਮਲਿਕ ਨੇ ਦੱਸਿਆ ਕਿ ਟੀ.ਸੀ.ਐਸ. ਈਵਨ ਪ੍ਰੀਖਿਆ ਕੇਂਦਰ ‘ਤੇ ਜੈਮਰ ਲਗਾਏ ਜਾਂਦੇ ਹਨ, ਜਿਸ ਕਾਰਨ ਰਾਣੀ ਕਾ ਬਾਗ, ਕੋਰਟ ਰੋਡ, ਅਲਬਰਟ ਰੋਡ, ਮਾਲ ਰੋਡ ਅਤੇ ਗ੍ਰੀਨ ਐਵੇਨਿਊ ਦੇ ਇਲਾਕਿਆਂ ‘ਚ ਮਹੀਨੇ ‘ਚ 25 ਦਿਨ ਇੰਟਰਨੈੱਟ ਅਤੇ ਮੋਬਾਈਲ ਸੇਵਾ ਬੰਦ ਰਹਿੰਦੀ ਹੈ, ਜਿਸ ਕਾਰਨ ਕਾਰੋਬਾਰੀਆਂ, ਇਲਾਕੇ ਦੇ ਵਸਨੀਕਾਂ ਲਈ ਇੰਟਰਨੈੱਟ ਤੋਂ ਬਿਨਾਂ ਕੰਮ ਕਰਨਾ ਅਸੰਭਵ ਹੋ ਜਾਂਦਾ ਹੈ । ਮਲਿਕ ਨੇ ਕਿਹਾ ਕਿ ਇਸ ਕੇਂਦਰ ਵਿਚ ਪ੍ਰੀਖਿਆ ਦੇਣ ਆਉਣ ਵਾਲੇ ਨੌਜਵਾਨਾਂ ਨੂੰ ਵੀ ਬਹੁਤ ਜ਼ਿਆਦਾ ਗਰਮੀ, ਮੀਂਹ, ਪੀਣ ਵਾਲੇ ਪਾਣੀ ਦੀ ਘਾਟ ਅਤੇ ਪਖਾਨਿਆਂ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਲਿਕ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਇਲਾਕਾ ਨਿਵਾਸੀਆਂ ਦੇ ਇਕ ਵਫ਼ਦ ਨੇ 30 ਮਈ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿਚ ਇਲਾਕਾ ਨਿਵਾਸੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਪ੍ਰੀਖਿਆ ਕੇਂਦਰ ਨੂੰ ਇਕ ਖੁੱਲ੍ਹੇ ਖੇਤਰ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਮਲਿਕ ਨੇ ਕਿਹਾ ਕਿ ਮੇਅਰ ਅਤੇ ਸੰਸਦ ਮੈਂਬਰ ਹੋਣ ਦੇ ਨਾਤੇ, ਉਨ੍ਹਾਂ ਨੇ ਹਮੇਸ਼ਾਂ ਇਹ ਯਕੀਨੀ ਬਣਾਇਆ ਹੈ ਕਿ ਪ੍ਰਸ਼ਾਸਨ ਜਨਤਕ ਮੁੱਦਿਆਂ ਨੂੰ ਹੱਲ ਕਰੇ । ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਜਨਰਲ ਸਕੱਤਰ ਮਨੀਸ਼ ਸ਼ਰਮਾ, ਕਾਰੋਬਾਰੀ ਰਾਜੀਵ ਅਨੇਜਾ, ਸੁਰਿੰਦਰ ਦੁੱਗਲ, ਸੰਦੀਪ ਧਵਨ, ਰਾਹੁਲ ਕੁਮਾਰ, ਵਿਸ਼ਾਲ ਮਹਿਤਾ, ਅਤੁਲ ਅਗਰਵਾਲ ਅਤੇ ਰਾਹੁਲ ਮਹਿਰਾ ਮੌਜੂਦ ਸਨ।
ਹਮੇਸ਼ਾ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੜਿਆ ਹਾਂ ਅਤੇ ਕਰਦਾ ਰਹਾਂਗਾ : ਸ਼ਵੇਤ ਮਲਿਕ
ਅਜੀਤ ਡੈਸਕ
24-07-2026