ਅੰਮ੍ਰਿਤਸਰ, 24 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਅਤੇ ਰਾਸ਼ਟਰੀ ਵਪਾਰੀ ਭਲਾਈ ਬੋਰਡ (ਐੱਨ. ਟੀ. ਡਬਲਯੂ. ਬੀ.) ਦੇ ਮੈਂਬਰ ਰਾਜੀਵ ਅਨੇਜਾ ਨੂੰ ਕੇਂਦਰ ਸਰਕਾਰ ਵਲੋਂ ਵਿੱਤ, ਕਰਜ਼ਾ ਤੇ ਐੱਮ. ਐੱਸ. ਐੱਮ. ਈ. ਸਹਾਇਤਾ ਕਮੇਟੀ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਚੋਣ ਰਾਜੀਵ ਅਨੇਜਾ ਦੇ ਵਿਆਪਕ ਤਜ਼ਰਬੇ ਅਤੇ ਬੋਰਡ ‘ਚ ਕੀਮਤੀ ਯੋਗਦਾਨ ਨੂੰ ਧਿਆਨ ‘ਚ ਰੱਖਦੇ ਹੋਏ ਕੀਤੀ ਗਈ ਹੈ। ਇਹ ਕਮੇਟੀ ਬੋਰਡ ਦੇ ਆਦੇਸ਼ ਨੂੰ ਅੱਗੇ ਵਧਾਉਣ ਅਤੇ ਵਿਸ਼ਾ-ਵਿਸ਼ੇਸ਼ ਵਿਚਾਰ-ਵਟਾਂਦਰੇ ਅਤੇ ਮਾਹਿਰ ਸਿਫ਼ਾਰਸ਼ਾਂ ਰਾਹੀਂ ਰਾਸ਼ਟਰੀ ਪ੍ਰਚੂਨ ਵਪਾਰ ਨੀਤੀ ਬਣਾਉਣ ਦੇ ਵਿਆਪਕ ਉਦੇਸ਼ ‘ਚ ਯੋਗਦਾਨ ਪਾਉਣ ਲਈ ਬਣਾਈ ਗਈ ਹੈ। ਇਸ ਮੌਕੇ ਪ੍ਰਧਾਨ ਰਾਜੀਵ ਅਨੇਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਐਨ. ਟੀ. ਡਬਲਯੂ. ਬੀ. ਦੇ ਚੇਅਰਮੈਨ ਸੁਨੀਲ ਸਿੰਘੀ ਦਾ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਣ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਣ ਅਤੇ ਵਪਾਰੀਆਂ ਦੀ ਭਲਾਈ ਅਤੇ ਤਰੱਕੀ ਲਈ ਸਖ਼ਤ ਯਤਨ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਵਪਾਰੀਆਂ ਦੇ ਸਮੂਹ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀਯ ਵਪਾਰ ਮੰਡਲ ਦਾ ਵੱਧ ਤੋਂ ਵੱਧ ਹਿੱਸਾ ਬਣਨ।