ਸਿਆਸੀ ਤੇ ਧਾਰਮਿਕ ਜਥੇਬੰਦੀਆਂ ਵਲੋਂ ਪੋਸਟਰ ਲਗਾਉਣ ਲਈ ਵਰਤੋਂ ’ਚ ਲਿਆਂਦੇ ਜਾ ਰਹੇ ਅੰਮ੍ਰਿਤਸਰ ਦੇ ਇਤਿਹਾਸਕ ਦਰਵਾਜ਼ੇ
ਅਜੀਤ ਡੈਸਕ
30-07-2026
1870 ਦੇ ਆਸ-ਪਾਸ ਢਾਹੇ ਗਏ ਇਤਿਹਾਸਕ ਦਰਵਾਜ਼ੇ
ਸੰਨ 1870 ਦੇ ਆਸ-ਪਾਸ ਅੰਗਰੇਜ਼ੀ ਸਰਕਾਰ ਵੇਲੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਏ ਅੰਮ੍ਰਿਤਸਰ ਦੇ ਦਰਵਾਜ਼ਿਆਂ ‘ਚੋਂ ਦਰਵਾਜ਼ਾ ਰਾਮ ਬਾਗ ਦੀ ਬਾਹਰੀ ਡਿਉੜੀ ਨੂੰ ਛੱਡ ਕੇ ਬਾਕੀ ਸਭ ਇਤਿਹਾਸਕ ਦਰਵਾਜ਼ਿਆਂ ਨੂੰ ਢਾਹ ਦਿੱਤਾ ਗਿਆ। ਮਹਾਂ ਸਿੰਘ ਗੇਟ ਅਤੇ ਦਰਵਾਜ਼ਾ ਰਾਮ ਬਾਗ ਨੂੰ ਸਭ ਦਰਵਾਜ਼ਿਆਂ ਦੇ ਆਖੀਰ ‘ਚ ਸੰਨ 1892 ‘ਚ ਢਾਹਿਆ ਗਿਆ।
ਬਦਲ ਗਏ ਦਰਵਾਜ਼ਿਆਂ ਦੇ ਪੁਰਾਣੇ ਨਾਂਅ
ਅੰਗਰੇਜ਼ੀ ਰਾਜ ਵੇਲੇ ਸ਼ਹਿਰ ਦੇ ਪੁਰਾਣੇ ਇਤਿਹਾਸਕ ਦਰਵਾਜ਼ਿਆਂ ਦੇ ਨਾਂ ਵੀ ਬਦਲ ਦਿੱਤੇ ਗਏ। ਜਿਸ ਦੇ ਚੱਲਦਿਆਂ ਦਰਵਾਜ਼ਾ-ਏ-ਡਿਉੜੀ ਸ਼ਹਿਜ਼ਾਦਾ ਨੂੰ ਹਾਥੀ ਦਰਵਾਜ਼ਾ, ਦਰਵਾਜ਼ਾ-ਏ-ਡਿਉੜੀ ਰੰਗੜ ਨੰਗਲੀਆਂ ਨੂੰ ਭਗਤਾਂ ਵਾਲਾ ਦਰਵਾਜ਼ਾ, ਦਰਵਾਜ਼ਾ ਰਾਮਗੜ੍ਹੀਆ ਨੂੰ ਚਾਟੀਵਿੰਡ ਗੇਟ, ਦਰਵਾਜ਼ਾ-ਏ-ਦੋਬੁਰਜੀ (ਤੋਪਾਂ ਵਾਲਾ ਦਰਵਾਜ਼ਾ/ ਦਰਵਾਜ਼ਾ-ਏ-ਦਿੱਲੀ ਨੂੰ ਸੁਲਤਾਨਵਿੰਡ ਗੇਟ, ਦਰਵਾਜ਼ਾ-ਏ-ਆਹਲੂਵਾਲੀਆ ਨੂੰ ਦਰਵਾਜ਼ਾ ਘਿਉ ਮੰਡੀ ਅਤੇ ਦਰਵਾਜ਼ਾ-ਏ-ਡਿਉੜੀ ਕਲਾਂ ਨੂੰ ਮਹਾਂ ਸਿੰਘ ਗੇਟ ਕਿਹਾ ਜਾਣ ਲੱਗਾ।
ਅੰਗਰੇਜ਼ੀ ਰਾਜ ਵੇਲੇ ਉਸਾਰੇ ਗਏ 4 ਨਵੇਂ ਦਰਵਾਜ਼ੇ
ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਜਿੱਥੇ ਅੰਗਰੇਜ਼ ਸਰਕਾਰ ਨੇ ਪੁਰਾਣੇ ਇਤਿਹਾਸਕ ਦਰਵਾਜ਼ੇ ਢਾਹ ਕੇ ਨਵੇਂ ਦਰਵਾਜ਼ਿਆਂ ਦੀ ਉਸਾਰੀ ਕਰਵਾਈ, ਉੱਥੇ ਹੀ 4 ਨਵੇਂ ਦਰਵਾਜ਼ੇ ਵੀ ਉਸਾਰੇ ਗਏ। ਸਥਾਨਕ ਹਾਲ ਗੇਟ ਸੰਨ 1876 ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਰਨਲ ਸੀ. ਐੱਚ. ਹਾਲ ਵਲੋਂ ਆਪਣੇ ਨਾਂਅ ‘ਤੇ ਉਸਾਰਿਆ ਗਿਆ। ਹਾਲ ਗੇਟ ਤੇ ਹਾਥੀ ਗੇਟ ਦੇ ਵਿਚਕਾਰ ਨਵਾਂ ਰਸਤਾ ਕੱਢਣ ਲਈ ਸੰਨ 1940 ‘ਚ ਸਰ ਸਿਕੰਦਰ ਹਯਾਤ ਖ਼ਾਨ ਦੇ ਨਾਂਅ ‘ਤੇ ਸਿਕੰਦਰੀ ਦਰਵਾਜ਼ਾ ਬਣਾਇਆ ਗਿਆ। ਸੰਨ 1876 ‘ਚ ਦਰਵਾਜ਼ਾ ਲੋਹਗੜ੍ਹ ਤੇ ਦਰਵਾਜ਼ਾ ਲਾਹੌਰੀ ਦੇ ਵਿਚਕਾਰ ਰਸਤਾ ਦੇਣ ਲਈ ਬੇਰੀ ਗੇਟ ਬਣਾਇਆ ਗਿਆ ਅਤੇ ਸੰਨ 1940 ‘ਚ ਦਰਵਾਜ਼ਾ ਘਿਉ ਮੰਡੀ ਤੇ ਦਰਵਾਜ਼ਾ ਮਹਾਂ ਸਿੰਘ ਦੇ ਵਿਚਕਾਰ ਸ਼ੇਰਾਂ ਵਾਲਾ ਗੇਟ ਬਣਾਇਆ ਗਿਆ।