ਸੁਲਤਾਨਵਿੰਡ, 29 ਜੁਲਾਈ (ਗੁਰਨਾਮ ਸਿੰਘ ਬੁੱਟਰ)- ਨਗਰ ਨਿਗਮ ਅਧੀਨ ਆਉਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਦੀ ਮੁੱਖ ਸੜਕ ‘ਤੇ ਲੱਗੇ ਕੂੜੇ ਦੇ ਵਿਸ਼ਾਲ ਢੇਰਾਂ ਕਾਰਨ ਇਲਾਕਾ ਨਿਵਾਸੀ, ਦੁਕਾਨਦਾਰ ਅਤੇ ਰਾਹਗੀਰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ । ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਚੁੱਕਾ ਹੈ । ਇਸ ਮੌਕੇ ਗੱਲਬਾਤ ਕਰਦਿਆਂ ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਦੁਕਾਨਾਂ ਦੇ ਬਿਲਕੁਲ ਸਾਹਮਣੇ ਰੋਜ਼ਾਨਾ ਕੂੜੇ ਦੇ ਢੇਰ ਲੱਗ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਨਿਗਮ ਦੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਾ ਆਉਣ ਕਾਰਨ ਇਹ ਕੂੜਾ ਸੜਾਂਦ ਮਾਰ ਰਿਹਾ ਹੈ, ਜਿਸ ਵਿਚੋਂ ਉੱਠਦੀ ਭਿਆਨਕ ਬਦਬੂ ਨੇੜਲੇ ਘਰਾਂ ਤੱਕ ਫੈਲ ਚੁੱਕੀ ਹੈ। ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਲੋਕਾਂ ਲਈ ਘਰਾਂ ਵਿਚ ਚੈਨ ਨਾਲ ਰੋਟੀ ਖਾਣੀ ਵੀ ਦੁਭਰ ਹੋ ਗਈ ਹੈ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਗੰਦਗੀ ਅਤੇ ਬਦਬੂ ਕਾਰਨ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਨਗਰ ਨਿਗਮ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਵੇ ਅਤੇ ਇਸ ਜਗ੍ਹਾ ਤੋਂ ਕੂੜਾ ਡੰਪ ਹਟਾ ਕੇ ਕਿਸੇ ਹੋਰ ਢੁੱਕਵੀਂ ਥਾਂ ਸਿਫ਼ਟ ਕਰੇ, ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ।