ਪੰਜਾਬ ਦੇ ਕੈਮਿਸਟਾਂ ਲਈ ਵੱਡੀ ਰਾਹਤ: ਡਰੱਗ ਲਾਇਸੈਂਸ ਰੀਨਿਊਅਲ ਲਈ ਪੁਰਾਣੇ ਐਕਸ. ਐੱਲ. ਐੱਨ. ਪੋਰਟਲ ਦੀ ਮਿਆਦ 31 ਦਸੰਬਰ ਤੱਕ ਵਧੀ
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਵਲੋਂ ਸੂਬੇ ਭਰ ਦੇ ਸਮੂਹ ਹੋਲਸੇਲ ਅਤੇ ਰਿਟੇਲ ਕੈਮਿਸਟਾਂ ਨੂੰ ਵੱਡੀ ਰਾਹਤ ਦਿੰਦਿਆਂ ਪੁਰਾਣੇ ਐਕਸ. ਐੱਲ.
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਵਲੋਂ ਸੂਬੇ ਭਰ ਦੇ ਸਮੂਹ ਹੋਲਸੇਲ ਅਤੇ ਰਿਟੇਲ ਕੈਮਿਸਟਾਂ ਨੂੰ ਵੱਡੀ ਰਾਹਤ ਦਿੰਦਿਆਂ ਪੁਰਾਣੇ ਐਕਸ. ਐੱਲ. ਐੱਨ. ਪੋਰਟਲ ਰਾਹੀਂ ਡਰੱਗ ਲਾਇਸੈਂਸਾਂ ਦੇ ਨਵੀਨੀਕਰਨ ਦੀ ਮਿਆਦ ’ਚ ਤਿੰਨ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ । ਹੁਣ ਕੈਮਿਸਟ 31 ਦਸੰਬਰ 2026 ਤੱਕ ਪੁਰਾਣੇ ਪੋਰਟਲ ਰਾਹੀਂ ਆਪਣੇ ਲਾਇਸੈਂਸ ਰੀਨਿਊ ਕਰਵਾ ਸਕਣਗੇ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਇਹ ਰਾਹਤ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ਹੇਠ ਉਠਾਈ ਗਈ ਉਕਤ ਮੰਗ ਤੋਂ ਬਾਅਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਵਫ਼ਦ ਨੇ ਹਾਲ ਹੀ ’ਚ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਐੱਫ. ਡੀ. ਏ. ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਕੈਮਿਸਟਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਸੀ। ਸਰਕਾਰ ਨੇ ਐਸੋਸੀਏਸ਼ਨ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਮਿਆਦ ਵਧਾਉਣ ਦਾ ਫ਼ੈਸਲਾ ਲਿਆ। ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਸੂਬੇ ਭਰ ਦੇ ਕੈਮਿਸਟ ਭਾਈਚਾਰੇ ਨੂੰ ਬਹੁਤ ਵੱਡਾ ਫ਼ਾਇਦਾ ਮਿਲੇਗਾ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਜਾਂ ਦਿੱਕਤ ਦੇ ਲਾਇਸੈਂਸ ਰੀਨਿਊ ਕਰਵਾਉਣ ਲਈ ਲੋੜੀਂਦਾ ਸਮਾਂ ਮਿਲ ਸਕੇਗਾ।