ਪਿੰਡ ਨੰਗਲੀ ਦੇ ਲੰਗਰ ਹਾਲ ’ਚੋਂ ਭਾਂਡੇ ਚੋਰੀ ਕਰਨ ਵਾਲਾ ਚੋਰ ਪਿੰਡ ਵਾਸੀਆਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
ਵੇਰਕਾ, 26 ਸਤੰਬਰ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੰਗਲੀ ਦੇ ਲੰਗਰ ਹਾਲ ਵਿਚੋਂ ਲੰਘੇ ਦਿਨੀਂ ਅਣਪਛਾਤੇ ਚੋਰਾਂ ਵਲੋਂ ਦੋ ਤੋਂ ਢਾਈ ਲੱਖ ਰੁਪਏ ਦੀ ਕੀਮਤ ਦੇ ਭਾਂਡੇ ਚੋਰੀ ਕਰ ਲਏ ਗਏ ਸਨ। ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਪੁਲਿਸ ਚੌਂਕੀ ਬੱਲ ਕਲਾਂ ਵਿਖੇ ਲਿਖਤੀ ਦਰਖ਼ਾਸਤ ਵੀ ਦਿੱਤੀ ਗਈ ਸੀ, ਪਰ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।
ਵੇਰਕਾ, 26 ਸਤੰਬਰ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੰਗਲੀ ਦੇ ਲੰਗਰ ਹਾਲ ਵਿਚੋਂ ਲੰਘੇ ਦਿਨੀਂ ਅਣਪਛਾਤੇ ਚੋਰਾਂ ਵਲੋਂ ਦੋ ਤੋਂ ਢਾਈ ਲੱਖ ਰੁਪਏ ਦੀ ਕੀਮਤ ਦੇ ਭਾਂਡੇ ਚੋਰੀ ਕਰ ਲਏ ਗਏ ਸਨ। ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਪੁਲਿਸ ਚੌਂਕੀ ਬੱਲ ਕਲਾਂ ਵਿਖੇ ਲਿਖਤੀ ਦਰਖ਼ਾਸਤ ਵੀ ਦਿੱਤੀ ਗਈ ਸੀ, ਪਰ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਪੁਲਿਸ ਦੀ ਸੁਸਤ ਕਾਰਗੁਜ਼ਾਰੀ ਤੋਂ ਬਾਅਦ ਪਿੰਡ ਨੰਗਲੀ ਦੇ ਜਾਗਰੂਕ ਨੌਜਵਾਨਾਂ ਨੇ ਆਪ ਉਪਰਾਲਾ ਕਰਦਿਆਂ ਮੁਸਤੈਦੀ ਨਾਲ ਇਕ ਚੋਰ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਪੁਲਿਸ ਚੌਂਕੀ ਬੱਲ ਕਲਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਪੁਲਿਸ ਪ੍ਰਸ਼ਾਸਨ ਦੇ ਰਵੱਈਏ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਸੰਬੰਧਿਤ ਥਾਣਾ ਮੁਖੀ ਨੂੰ ਸਾਫ਼ ਸ਼ਬਦਾਂ ਵਿਚ ਬੇਨਤੀ ਕਰਦਿਆਂ 2 ਦਿਨਾਂ ਦਾ ਸਮਾਂ ਦਿੱਤਾ ਹੈ। ਪ੍ਰਧਾਨ ਨੰਗਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਦਿੱਤੇ ਸਮੇਂ ਦੇ ਅੰਦਰ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਾਕੀ ਚੋਰੀ ਦਾ ਸਾਮਾਨ ਬਰਾਮਦ ਨਾ ਕੀਤਾ ਗਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਨਾ ਲਿਆਂਦੀ ਗਈ, ਤਾਂ ਕਿਸਾਨ ਜਥੇਬੰਦੀ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਬੰਧਿਤ ਥਾਣੇ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਸੰਬੰਧੀ ਪੱਖ ਜਾਣਨ ਲਈ ਚੌਕੀ ਇੰਚਾਰਜ ਬੱਲ ਕਲਾਂ ਨੂੰ ਫ਼ੋਨ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।