ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਨੇ ਪੰਜਾਬ ਰਾਜ ਯੂਥ ਰੈੱਡ ਕਰਾਸ ਕੈਂਪ ’ਚ ਓਵਰਆਲ ਚੈਂਪੀਅਨਸ਼ਿਪ ਕੀਤੀ ਹਾਸਿਲ
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਬੀ. ਬੀ.
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ ਨੇ ਕਾਲਜ ਕੈਂਪਸ ਵਿਖੇ ਪੰਜਾਬ ਸਟੇਟ ਰੈੱਡ ਕਰਾਸ ਵਲੋਂ ਆਯੋਜਿਤ ਰਾਜ ਪੱਧਰੀ ਯੂਥ ਰੈੱਡ ਕਰਾਸ ਕੈਂਪ ਵਿਚ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਹਾਸਿਲ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਗਰੁੱਪ ਸੌਂਗ, ਗਰੁੱਪ ਡਾਂਸ, ਲੋਕ ਗੀਤ ਅਤੇ ਕੁਇਜ਼ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਫ਼ਸਟ ਏਡ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀ. ਬੀ. ਕੇ. ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਦੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗਰੁੱਪ ਸੌਂਗ ਵਿਚ ਪਹਿਲਾ ਸਥਾਨ, ਫ਼ਸਟ ਏਡ ਅਤੇ ਕੁਇਜ਼ ਵਿਚ ਪਹਿਲਾ ਸਥਾਨ, ਪੋਸਟਰ ਮੇਕਿੰਗ ’ਚ ਦੂਜਾ ਸਥਾਨ ਅਤੇ ਲੋਕ ਗੀਤ ਵਿਚ ਤੀਜਾ ਸਥਾਨ ਹਾਸਿਲ ਕੀਤਾ। ਸਮਾਪਤੀ ਸਮਾਰੋਹ ਵਿਚ ਪੰਜਾਬ ਸਟੇਟ ਰੈੱਡ ਕਰਾਸ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਇਨਾਮ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਸੰਸਥਾ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਸਮਾਜਿਕ ਜ਼ਿੰਮੇਵਾਰੀ ਅਤੇ ਸਹਿ ਪਾਠ-ਕ੍ਰਮ ਗਤੀਵਿਧੀਆਂ ਵਿਚ ਉੱਤਮਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।