ਵੇਰਕਾ ਅੰਮ੍ਰਿਤਸਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਕਰਵਾਇਆ
ਵੇਰਕਾ, 24 ਅਕਤੂਬਰ (ਲਖਵਿੰਦਰ ਸਿੰਘ)-ਅੰਮ੍ਰਿਤਸਰ ਜ਼ਿਲ੍ਹਾ ਦੁੱਧ ਉਤਪਾਦਕ ਸਹਿਕਾਰੀ ਯੂਨੀਅਨ ਲਿਮਿਟਡ ਵੇਰਕਾ ਅੰਮ੍ਰਿਤਸਰ ਡੇਅਰੀ ਦਾ ਸਾਲ 2025-26 ਦਾ ਸਲਾਨਾ ਆਮ ਇਜਲਾਸ ਅੱਜ ਹੋਟਲ ਮੈਪਲ ਗ੍ਰੈਂਡ, ਵੇਰਕਾ ਬਾਈਪਾਸ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਵੇਰਕਾ, 24 ਅਕਤੂਬਰ (ਲਖਵਿੰਦਰ ਸਿੰਘ)-ਅੰਮ੍ਰਿਤਸਰ ਜ਼ਿਲ੍ਹਾ ਦੁੱਧ ਉਤਪਾਦਕ ਸਹਿਕਾਰੀ ਯੂਨੀਅਨ ਲਿਮਿਟਡ ਵੇਰਕਾ ਅੰਮ੍ਰਿਤਸਰ ਡੇਅਰੀ ਦਾ ਸਾਲ 2025-26 ਦਾ ਸਲਾਨਾ ਆਮ ਇਜਲਾਸ ਅੱਜ ਹੋਟਲ ਮੈਪਲ ਗ੍ਰੈਂਡ, ਵੇਰਕਾ ਬਾਈਪਾਸ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਜਲਾਸ ਦੀ ਸ਼ੁਰੂਆਤ ਦੌਰਾਨ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਚੇਅਰਮੈਨ ਭੁਪਿੰਦਰ ਸਿੰਘ ਰੰਧਾਵਾ ਨੇ ਆਏ ਹੋਏ ਸਮੂਹ ਪ੍ਰਧਾਨਾਂ, ਕਮੇਟੀ ਮੈਂਬਰਾਂ, ਦੁੱਧ ਉਤਪਾਦਕਾਂ, ਫਾਰਮਰਾਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੇ ਸਖ਼ਤ ਮੁਕਾਬਲੇ ਦੇ ਬਾਵਜੂਦ ਦੁੱਧ ਉਤਪਾਦਕਾਂ ਦੇ ਅਟੁੱਟ ਵਿਸ਼ਵਾਸ ਅਤੇ ਸਹਿਯੋਗ ਨਾਲ ਵੇਰਕਾ ਡੇਅਰੀ ਨੇ ਹਰ ਖੇਤਰ ਵਿਚ ਸ਼ਲਾਘਾਯੋਗ ਮੱਲਾਂ ਮਾਰੀਆਂ ਹਨ। ਉਨ੍ਹਾਂ ਯਕੀਨ ਦਿਵਾਇਆ ਕਿ ਅਦਾਰਾ ਹਮੇਸ਼ਾ ਦੁੱਧ ਉਤਪਾਦਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸਹਿਕਾਰੀ ਖੇਤਰ ਵਿਚ ਡੇਅਰੀ ਦੇ ਕਿੱਤੇ ਨੂੰ ਵੱਧ ਤੋਂ ਵੱਧ ਲਾਹੇਵੰਦ ਬਣਾਉਣ ਲਈ ਯਤਨਸ਼ੀਲ ਰਹੇਗਾ। ਇਸ ਮੌਕੇ ਵੇਰਕਾ ਅੰਮ੍ਰਿਤਸਰ ਡੇਅਰੀ ਦੇ ਜਨਰਲ ਮੈਨੇਜਰ ਅਨਿਮੇਸ਼ ਪ੍ਰਮਾਣਿਕ ਨੇ ਵਿੱਤੀ ਸਾਲ 2025-26 ਦੇ ਆਡਿਟ ਕੀਤੇ ਲਾਭ-ਹਾਨੀ ਖਾਤੇ, ਬੈਲੈਂਸ ਸ਼ੀਟ ਅਤੇ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਦੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਸਾਲ 2025-26 ਦੌਰਾਨ ਵੇਰਕਾ ਅੰਮ੍ਰਿਤਸਰ ਡੇਅਰੀ ਨੇ 514.50 ਲੱਖ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਇਜਲਾਸ ਦੌਰਾਨ ਪਿਛਲੇ ਇਜਲਾਸ ਦੀ ਪੁਸ਼ਟੀ, ਲੇਖਾ ਰਿਪੋਰਟਾਂ, ਆਡੀਟਰਜ਼ ਰਿਪੋਰਟ, ਭਵਿੱਖ ਦੀਆਂ ਯੋਜਨਾਵਾਂ ਅਤੇ ਸਾਲ 2026-27 ਦੇ ਬਜਟ ਸਮੇਤ ਸਾਰੇ ਏਜੰਡਿਆਂ ਨੂੰ ਹਾਜ਼ਰ ਮੈਂਬਰਾਂ ਅਤੇ ਦੁੱਧ ਉਤਪਾਦਕਾਂ ਵਲੋਂ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਮੈਨੇਜਰ ਅਮਰਦੀਪ ਸਿੰਘ, ਡਰੈਕਟਰ ਅਮਨਦੀਪ ਸਿੰਘ, ਪਲਵਿੰਦਰ ਸਿੰਘ, ਹਰਭਜਨ ਸਿੰਘ, ਹਰਜੀਤ ਸਿੰਘ, ਨਰਿੰਦਰ ਸਿੰਘ ਵਾਂਸਲ, ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਦੁੱਧ ਉਤਪਾਦਕ ਹਾਜ਼ਰ ਸਨ।