ਤਰਨ ਤਾਰਨ, 31 ਦਸੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਪੰਜ ਅਣਪਛਾਤੇ ਲੁਟੇਰਿਆਂ ਵਲੋਂ ਇਕ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਪਾਸੋਂ ਲੁੱਟਖੋਹ ਕਰਨ 'ਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਬਚਿੱਤਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਪੰਡੋਰੀ ਰੁਮਾਣਾ ਝਬਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਿੰਡ ਘੋਲੀਆ ਜ਼ਿਲ੍ਹਾ ਮੋਗਾ ਵਿਖੇ ਸ਼ੂਟਿੰਗ ਲਈ ਗਿਆ ਸੀ | 30 ਦਸੰਬਰ ਸਵੇਰੇ 4 ਵਜੇ ਉਹ ਆਪਣੀ ਗੱਡੀ ਸਫਿਟ ਡਿਜਾਇਰ ਨੰਬਰ ਐੱਚ.ਆਰ 07 ਟੀ. 7487 'ਚ ਸਵਾਰ ਹੋ ਕੇ ਅਲਾਦੀਨਪੁਰ ਪੁੱਜੇ, ਜਿਨ੍ਹਾਂ 'ਚ 2 ਲੜਕੀਆਂ ਮਨਜੀਤ ਕੌਰ ਵਾਸੀ ਨੌਰੰਗਬਾਦ, ਲਵ ਕੌਰ ਵਾਸੀ ਬੰਡਾਲਾ ਨੂੰ ਮੈਂ ਘਰੋਂ ਘਰੀ ਛੱਡਣ ਲਈ ਆਪਣੇ ਘਰ ਤੋਂ ਆਪਣੀ ਗੱਡੀ 'ਚ ਸਵਾਰ ਹੋ ਕੇ ਤਰਨ ਤਾਰਨ ਵਲੋੋਂ ਨੂੰ ਆ ਰਿਹਾ ਸੀ | ਜਦ ਮੈਂ ਰਿਲਾਇੰਸ ਪੈਟਰੋਲ ਪੰਪ ਤੋਂ 100 ਗਜ ਦੂਰ ਸੀ ਤਾਂ ਗੁਦਾਮਾਂ ਦੇ ਸਾਹਮਣੇ ਇਕ ਸਿੱਖ ਨੌਜਵਾਨ ਆਪਣੀ ਗੱਡੀ ਸਵਿਫਟ ਡਿਜਾਇਰ ਨੰਬਰ ਪੀ.ਬੀ.04 ਐੱਸ.8422 ਜਿਸ ਦਾ ਬੋਨਟ ਚੁੱਕਿਆ ਹੋਇਆ ਸੀ, ਸੜਕ ਨਾਲ ਖੜ੍ਹੀ ਸੀ ਅਤੇ ਇਕ ਨੌਜਵਾਨ ਨੇ ਮੈਨੂੰ ਹੱਥ ਦੇ ਦਿੱਤਾ | ਮੈਂ ਆਪਣੀ ਗੱਡੀ ਰੋਕ ਲਈ ਤਾਂ ਅਣਪਛਾਤੇ ਨੌਜਵਾਨ ਨੇ ਕਿਹਾ ਕਿ ਮੇਰੀ ਗੱਡੀ ਖ਼ਰਾਬ ਹੋ ਗਈ ਹੈ, ਮੇਰੇ ਨਾਲ ਮੇਰੇ ਫੈਮਲੀ ਵੀ ਹੈ, ਮੈਨੂੰ ਪੰਪ ਤੱਕ ਛੱਡ ਦਿਓ, ਜਦੋਂ ਮੈਂ ਆਪਣੀ ਗੱਡੀ ਦਾ ਸ਼ੀਸ਼ਾ ਖੋਲਿ੍ਹਆ ਤਾਂ ਅਣਪਛਾਤੇ ਨੌਜਵਾਨ ਨੇ ਸ਼ੀਸ਼ੇ ਵਿਚ ਦੀ ਹੱਥ ਪਾ ਕੇ ਮੇਰੀ ਗੱਡੀ ਦੀ ਚਾਬੀ ਕੱਢ ਲਈ | ਇੰਨੇ ਨੂੰ 4 ਹੋਰ ਨੌਜਵਾਨ, ਜਿਨ੍ਹਾਂ ਦੇ ਹੱਥ 'ਚ ਕਿਰਚ ਫੜੀਆਂ ਹੋਈਆ ਸੀ ਅਤੇ ਇਕ ਨੌਜਵਾਨ ਦੇ ਹੱਥ 'ਚ ਪਿਸਟਲ ਸੀ ਆ ਗਏ | ਜਿਨ੍ਹਾਂ ਨੇ ਮੈਨੂੰ ਖਿੱਚ ਕੇ ਗੱਡੀ 'ਚੋੋਂ ਬਾਹਰ ਕੱਢ ਲਿਆ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜੋ ਪਿਸਟਲ ਵਾਲੇ ਨੌਜਵਾਨ ਨੇ ਆਪਣੇ ਫ਼ੜੀ ਪਿਸਟਲ ਦੀ ਮੁੱਠ ਵਾਲਾ ਪਾਸਾ ਮੇਰੇ ਮੱਥੇ ਵਿਚ ਮਾਰਿਆ, ਜੋ ਮੇਰੀ ਖੱਬੀ ਅੱਖ ਦੇ ਉਪਰ ਲੱਗਾ | ਮੇਰੀ ਜੇਬ ਵਿਚੋੋਂ ਮੇਰਾ ਪਰਸ ਜਿਸ ਵਿਚ 1200 ਰੁਪਏ ਸਨ ਨੇ ਮੇਰੇ ਆਈ. ਫੋਨ, ਸੈਮਸੰਗ ਦਾ ਫੋਨ, ਲਾਈਸੰਸੀ ਪਿਸਟਲ 32 ਬੋਰ ਖੋਹ ਲਿਆ ਅਤੇ ਮੇਰੀ ਗੱਡੀ ਵੀ ਖੋਹ ਲਈ | ਅਣਪਛਾਤੇ ਆਪਣੀ ਗੱਡੀ ਸਵਿਫਟ ਡਿਜਾਇਰ ਉਥੇ ਹੀ ਖੜ੍ਹੀ ਕਰਕੇ ਮੇਰੀ ਗੱਡੀ 'ਚ ਸਵਾਰ ਹੋ ਕੇ ਚਲੇ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਪੰਜ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |