ਅੰਮਿ੍ਤਸਰ, 31 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਵਲੋਂ ਸੂਬਾ ਪ੍ਰਧਾਨ ਰਾਜੀਵ ਅਨੇਜਾ ਨੇ ਰਾਜ ਇਕਾਈਆਂ ਭੰਗ ਕਰ ਦਿੱਤੀਆਂ ਹਨ, ਇਹ ਫੈਸਲਾ ਬੋਰਡ ਮੀਟਿੰਗ 'ਚ ਲਿਆ ਗਿਆ | ਰਾਜੀਵ ਅਨੇਜਾ ਨੇ ਐਲਾਨ ਕੀਤਾ ਕਿ ਅੰਮਿ੍ਤਸਰ ਸਮੇਤ ਸਾਰੇ ਸ਼ਹਿਰਾਂ ਦੀਆਂ ਇਕਾਈਆਂ ਇਕ ਸਾਲ ਪੂਰਾ ਕਰਨ ਤੋਂ ਬਾਅਦ ਭੰਗ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਨਵੀਆਂ ਇਕਾਈਆਂ ਦੇ ਪੁਨਰਗਠਨ ਦੀ ਪ੍ਰਕਿਰਿਆ ਜਨਵਰੀ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗੀ | ਉਨ੍ਹਾਂ ਨੇ ਪੰਜਾਬ ਦੇ ਸਾਰੇ ਵਪਾਰ ਸੰਗਠਨਾਂ ਅਤੇ ਉਦਯੋਗ ਮੈਂਬਰਾਂ ਨੂੰ ਭਾਰਤੀਯ ਵਪਾਰ ਮੰਡਲ ਦੇ ਮੈਂਬਰ ਬਣਨ ਅਤੇ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਤੱਕ ਵਪਾਰੀਆਂ ਦੀ ਆਵਾਜ਼ ਬੁਲੰਦ ਕਰਨ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਭਾਰਤੀਯ ਵਪਾਰ ਮੰਡਲ ਦਾ ਕਾਰਜਕਾਲ ਇਕ ਸਾਲ ਲਈ ਨਿਰਧਾਰਤ ਕੀਤਾ ਗਿਆ ਸੀ, ਜੋ ਹੁਣ ਖਤਮ ਹੋ ਗਿਆ ਹੈ, ਅਤੇ ਇਕਾਈਆਂ ਦਾ ਹਰ ਨਵੇਂ ਸਾਲ ਪੁਨਰਗਠਨ ਕੀਤਾ ਜਾਂਦਾ ਹੈ | ਸਾਰੇ ਜ਼ਿਲਿ੍ਹਆਂ ਲਈ ਪ੍ਰਧਾਨਾਂ ਦੀ ਸੂਚੀ ਜਲਦੀ ਹੀ ਜਾਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਭਾਰਤੀਯ ਵਪਾਰ ਮੰਡਲ ਦਾ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਕਰਵਾਉਣਾ ਹੈ ਅਤੇ ਭਾਰਤੀਯ ਵਪਾਰ ਮੰਡਲ ਇਸ ਲਈ ਲੜ ਰਿਹਾ ਹੈ ਅਤੇ ਸਾਲ 2026 'ਚ ਵੀ ਲੜਦਾ ਰਹੇਗਾ |