ਸਰਹਾਲੀ ਕਲਾਂ, 2 ਜਨਵਰੀ (ਅਜੈ ਸਿੰਘ ਹੁੰਦਲ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਚੱਲ ਰਹੇ ਸਲਾਨਾ ਬਰਸੀ ਸਮਾਗਮ ਵਿਚ ਦੇਸ਼ ਭਰ ਦੀ ਸੰਗਤ ਤੋਂ ਇਲਾਵਾ ਕੈਨੇਡਾ, ਆਸਟ੍ਰੇਲੀਆ, ਸਿੰਘਾਪੁਰ, ਮਲੇਸ਼ੀਆ, ਬੰਗਲਾਦੇਸ਼ ਅਤੇ ਕਈ ਯੂਰਪੀਅਨ ਦੇਸ਼ਾਂ ਤੋਂ ਵੀ ਸੰਗਤ ਨੇ ਹਾਜ਼ਰੀ ਭਰੀ | ਸਮਾਗਮ ਦੇ ਚੌਥੇ ਦਿਨ ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਈ | ਇਸ ਨਾਲ ਹੀ 33 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਹੋਏ | ਜ਼ਿਕਰਯੋਗ ਹੈ ਕਿ ਸੰਪਰਦਾਇ ਵਲੋਂ ਹਰ ਸਾਲ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾਂਦੇ ਹਨ ਅਤੇ ਸਮੂਹ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਜ਼ਰੂਰੀ ਸਮਾਨ ਜਿਵੇਂ ਡਬਲ ਬੈੱਡ, ਸਿਲਾਈ ਮਸ਼ੀਨ, ਬਿਸਤਰੇ, ਬਰਤਨ ਆਦਿ ਵੀ ਸੰਪਰਦਾਇ ਵਲੋਂ ਦਿੱਤਾ ਜਾਂਦਾ ਹੈ | ਸਵੇਰੇ 11 ਵਜੇ ਤੋਂ ਖੁੱਲੇ੍ਹ ਪੰਡਾਲ ਵਿਚ ਦੀਵਾਨ ਸੱਜਿਆ, ਜਿਸ ਵਿਚ ਉੱਚ ਕੋਟੀ ਦੇ ਕੀਰਤਨੀ ਤੇ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਬਾਬਾ ਹਾਕਮ ਸਿੰਘ ਨੇ ਲੜਕੀਆਂ ਨੂੰ ਪੱਲਾ ਫੜਾਉਣ ਦੀ ਰਸਮ ਅਦਾ ਕੀਤੀ | ਗੁਰ ਮਰਯਾਦਾ ਅਨੁਸਾਰ ਅਨੰਦ ਕਾਰਜ ਦੀ ਮਰਯਾਦਾ ਨਿਭਾਉਂਦਿਆਂ ਨੇ ਸਿੰਘ ਸਾਹਿਬ ਗਿ. ਇਕਬਾਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਬੈਠ ਕੇ ਸ੍ਰੀ ਗੁਰੂ ਰਾਮਦਾਸ ਜੀ ਦੀ ਪਾਵਨ ਪਵਿੱਤਰ ਬਾਣੀ ਚਾਰ ਲਾਵਾਂ ਦਾ ਪਾਠ ਕੀਤਾ ਅਤੇ ਭਾਈ ਮੰਗਤ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਨੇ ਲਾਵਾਂ ਗਾਇਨ ਕੀਤੀਆਂ | ਇਸ ਮੌਕੇ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਨੇ ਅਰਦਾਸ ਕੀਤੀ | ਸਟੇਜ ਸੈਕਟਰੀ ਦੀ ਸੇਵਾ ਡਾ. ਭਗਵਾਨ ਸਿੰਘ ਜੌਹਲ ਨੇ ਨਿਭਾਈ | ਸਮੂਹਿਕ ਅਨੰਦ ਕਾਰਜ ਸਮਾਗਮ ਦੇ ਪ੍ਰਬੰਧ ਦੀ ਜਿੰਮੇਵਾਰੀ ਹਰਭਜਨ ਸਿੰਘ ਸੰਧੂ ਸਕੱਤਰ ਸੰਪਰਦਾਇ ਵਲੋਂ ਨਿਭਾਈ ਗਈ | ਇਸ ਮੌਕੇ ਸੰਗਤ ਦਾ ਵਿਸ਼ਾਲ ਇਕੱਠ ਸੀ ਅਤੇ ਗੁਰਦੁਆਰਾ ਗੁਰਪੁਰੀ ਸਾਹਿਬ ਦਾ ਦੀਵਾਨ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ | ਸੰਤ ਬਾਬਾ ਚਰਨ ਸਿੰਘ ਜੀ ਦੇ ਧਰਮ ਸੁਪਤਨੀ ਮਾਤਾ ਰਣਜੀਤ ਕੌਰ, ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਨੇ ਸੁਭਾਗੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ | ਉਨ੍ਹਾਂ ਆਖਿਆ ਕਿ ਜਿਨ੍ਹਾਂ ਸੁਭਾਗੇ ਜੋੜਿਆਂ ਦੇ ਅੱਜ ਅਨੰਦ ਕਾਰਜ ਹੋਏ ਹਨ, ਸਭ ਨੂੰ ਬਹੁਤ ਬਹੁਤ ਵਧਾਈਆਂ ਹੋਵਣ | ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਸਭ ਦਾ ਗ੍ਰਹਿਸਤੀ ਜੀਵਨ ਖੁਸ਼ੀਆਂ ਭਰਿਆ ਹੋਵੇ | ਵਾਹਿਗੁਰੂ ਜੀ ਆਪ ਸਭ ਨੂੰ ਸੇਵਾ-ਸਿਮਰਨ ਦੀਆਂ ਦਾਤਾਂ ਨਾਲ ਨਿਵਾਜਣ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸਾਡੇ ਬਹੁਗਿਣਤੀ ਲੋਕ ਗੁਰਮਰਯਾਦਾ ਨੂੰ ਭੁੱਲ ਕੇ ਵਿਆਹਾਂ ਉਪਰ ਵਿਖਾਵੇ ਮਾਤਰ ਬੇਲੋੜਾ ਖਰਚਾ ਕਰਦੇ ਹਨ ਅਤੇ ਇਹ ਵਿਖਾਵਾ ਭੇਡਚਾਲ ਦੀ ਤਰ੍ਹਾਂ ਦਿਨੋ ਦਿਨ ਵਧਦਾ ਜਾ ਰਿਹਾ ਹੈ | ਸਾਨੂੰ ਸਭ ਨੂੰ ਆਪਣੇ ਬੱਚਿਆਂ ਦੇ ਅਨੰਦ ਕਾਰਜ ਨੂੰ ਗੁਰਮਤਿ ਸਮਾਗਮ ਦਾ ਰੂਪ ਦੇਣਾ ਚਾਹੀਦਾ ਹੈ | ਪੈਲੇਸਾਂ ਵਿਚ ਨਸ਼ੇ ਵਰਤਾਉਣੇ ਗੁਰਮਤਿ ਅਸੂਲਾਂ ਦੀ ਘੋਰ ਉਲੰਘਣਾ ਹੈ | ਇਨ੍ਹਾਂ ਮਨਮੱਤੀ ਰੀਤਾਂ ਨਾਲ ਸਾਨੂੰ ਗੁਰੂ ਕੀਆਂ ਖ਼ੁਸ਼ੀਆਂ ਨਹੀਂ ਮਿਲਣੀਆਂ | ਦਿਖਾਵੇਬਾਜ਼ੀ ਬੰਦ ਕਰਕੇ ਸਿੱਖ ਰਹਿਤ ਮਰਯਾਦਾ ਅਨੁਸਾਰੀ ਜੀਵਨ ਜਿਉਂ ਕੇ ਹੀ ਅਸੀਂ ਗੁਰੂ ਕੇ ਸਿੱਖ ਅਖਵਾਉਣ ਦੇ ਹੱਕਦਾਰ ਬਣਦੇ ਹਾਂ | ਸਮੂਹ ਬਰਾਤਾਂ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਸਾਰਾ ਦਿਨ ਅਤੁੱਟ ਵਰਤਦੇ ਰਹੇ | ਖੇਡਾਂ ਨੂੰ ਉਤਸ਼ਾਹਿਤ ਕਰਦਿਆਂ ਮਹਾਂਪੁਰਖਾਂ ਵਲੋਂ ਸ਼ਾਮ ਵੇਲੇ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ | ਇਸ ਮੌਕੇ ਸੰਗਤ ਵਿਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਰਪ੍ਰੀਤ ਸਿੰਘ ਦਰਦੀ, ਡਾ. ਐਮ.ਕੇ. ਰਾਏ. ਮੈਂਬਰ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਵਿੰਦਰ ਸਿੰਘ ਮੰਮਣਕੇ, ਸਿਕੰਦਰ ਸਿੰਘ ਵਰਾਣਾ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ |