ਝਬਾਲ, 2 ਜਨਵਰੀ (ਸੁਖਦੇਵ ਸਿੰਘ)-ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਤੋੜਣ ਦੇ ਵਿਰੁੱਧ ਵਿੱਚ ਪੰਜਾਬ ਇਸਤਰੀ ਸਭਾ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਪਿੰਡ ਮੂਸੇ ਵਿਖੇ ਮਜ਼ਦੂਰਾਂ ਦਾ ਭਰਵਾਂ ਇਕੱਠ ਕੁਲਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਇਆ | ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਕਾ. ਸੀਮਾ ਸੋਹਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮਗਨਰੇਗਾ ਨੂੰ ਤੋੜ ਕੇ ਭਾਰਤ ਵਿਕਸਿਤ 'ਜੀ ਰਾਮ ਜੀ' ਕਾਨੂੰਨ ਬਣਾ ਕੇ ਮਜਦੂਰਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 'ਜੀ ਰਾਮ ਜੀ' ਕਾਨੂੰਨ ਲਿਆ ਕੇ ਮਨਰੇਗਾ ਦਾ ਸਿਰਫ ਨਾਂਅ ਹੀ ਨਹੀਂ ਬਦਲਿਆਂ, ਸਗੋਂ ਇਸ ਵਿਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਨੂੰ ਇਸ ਕਾਨੂੰਨ ਤਹਿਤ ਮਜ਼ਦੂਰ ਵਰਗ ਨੂੰ ਮਿਲਦਾ ਨਾ ਮਾਤਰ ਰੁਜ਼ਗਾਰ ਖੋਹ ਕੇ ਕਿਰਤੀ ਲੋਕਾਂ ਦੇ ਚੁੱਲ੍ਹੇ ਠੰਡੇ ਕਰਨ ਦੀ ਸਾਜਿਸ਼ ਘੜੀ ਹੈ | ਕੰਮ ਦਾ ਸਮਾਂ ਅੱਠ ਤੋਂ ਬਾਰਾਂ ਘੰਟੇ ਤੱਕ ਕਰ ਦਿੱਤਾ ਹੈ | ਉਨ੍ਹਾਂ ਨੇ ਨਵਾਂ ਕਾਨੂੰਨ ਵਾਪਸ ਲੈਣ, ਸਾਲ ਵਿਚ ਦੋ ਸੌ ਦਿਨ ਕੰਮ ਦੀ ਗਰੰਟੀ ਦੇਣ, ਉਜ਼ਰਤਾਂ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇਣ, ਕੰਮ ਦਿਹਾੜੀ ਸਮਾਂ ਛੇ ਘੰਟੇ ਕਰਨ ਦੀ ਮੰਗ ਕੀਤੀ | ਉਨ੍ਹਾਂ ਨੇ ਮਜ਼ਦੂਰਾਂ ਨੂੰ ਇੱਕਮੁੱਠ ਹੋ ਕੇ ਜਥੇਬੰਦੀ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਲੜਨ ਦਾ ਸੱਦਾ ਦਿੱਤਾ | ਇਸ ਮੌਕੇ ਕਾ. ਬਲਵਿੰਦਰ ਸਿੰਘ ਮੂਸੇ, ਕਾ. ਦਵਿੰਦਰ ਸੋਹਲ ਸਮੇਂਤ ਮਜ਼ਦੂਰ ਹਾਜ਼ਰ ਸਨ |