ਨਵਾਂ ਪਿੰਡ, 4 ਜਨਵਰੀ (ਜਸਪਾਲ ਸਿੰਘ)-ਸਵੈ ਸੇਵੀ ਸਮਾਜਿਕ ਸੰਸਥਾ 'ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਫ਼ਤਹਿਗੜ੍ਹ ਸ਼ੁੱਕਰਚੱਕ' ਵਲੋਂ ਮਨੁੱਖੀ ਭਲਾਈ ਹਿੱਤ ਕੀਤੇ ਜਾ ਰਹੇ ਕਾਰਜਾਂ ਦੇ ਕਾਰਵਾਂ ਨੂੰ ਅੱਗੋਂ ਵਧਾਉਂਦਿਆਂ ਹੋਇਆ ਮਲਕਪੁਰ ਵਾਸੀ ਇੱਕੋ ਪਰਿਵਾਰ ਦੇ 3 ਜੀਆਂ ਜਿਸ ਪਿਤਾ ਮਹਿੰਦਰ ਸਿੰਘ, ਮਾਤਾ ਦਲਜੀਤ ਕੌਰ ਤੇ ਪੁੱਤਰੀ ਹਰਪ੍ਰੀਤ ਕੌਰ ਦੀਆਂ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਤੋਂ ਅੱਖਾਂ ਬਣਵਾ ਕੇ ਉਨ੍ਹਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ | ਇਸ ਸੰਬੰਧੀ ਸੋਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਸਰਦੂਲ ਸਿੰਘ ਹਲਵਾਈ ਫ਼ਤਹਿਗੜ੍ਹ ਸ਼ੁੱਕਰਚੱਕ ਨੇ 'ਅਜੀਤ' ਵਿਸ਼ੇਸ਼ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਪਰੋਕਤ ਗ਼ਰੀਬ ਲੋੜਵੰਦ ਪਰਿਵਾਰ ਜੋ ਕਿ ਰਿਸ਼ਤੇ 'ਚ ਪਿਓ, ਮਾਂ ਤੇ ਧੀ ਹਨ ਕਾਫੀ ਸਮੇਂ ਤੋਂ ਅੱਖਾਂ ਦੀ ਰੌਸ਼ਨੀ ਘੱਟ ਹੋਣ ਕਾਰਨ ਦੂਰ ਜਾਂ ਨੇੜੇ ਤੋਂ ਵੇਖਣ 'ਚ ਕਾਫੀ ਮੁਸ਼ਕਿਲ ਮਹਿਸੂਸ ਕਰ ਰਹੇ ਸਨ | ਉਨ੍ਹਾਂ ਦੀਆਂ ਅੱਖਾਂ ਦੇ ਇਲਾਜ ਲਈ ਸਥਾਨਕ ਲੋਕਾਂ ਵਲੋਂ ਉਨ੍ਹਾਂ ਨਾਲ ਰਾਬਤਾ ਕੀਤਾ ਗਿਆ | ਸੋਸਾਇਟੀ ਵਲੋਂ ਨਿੱਜੀ ਤੌਰ ਤੇ ਉਨ੍ਹਾਂ ਦੀਆਂ ਇੱਕ ਨਿੱਜੀ ਹਸਪਤਾਲ ਤੋਂ ਅੱਖਾਂ ਬਣਵਾਈਆਂ ਗਈਆਂ, ਜੋ ਕਿ ਹੁਣ ਪੂਰੀ ਤਰ੍ਹਾਂ ਨਾਲ ਵੇਖ ਸਕਦੇ ਹਨ | ਇਸ ਮੌਕੇ ਪੀੜਤਾਂ ਵਲੋਂ ਗਿਆਨੀ ਸਰਦੂਲ ਸਿੰਘ ਤੇ ਉਨ੍ਹਾਂ ਦੇ ਸਮੂਹ ਸੋਸਾਇਟੀ ਮੈਂਬਰ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |