ਖਾਲੜਾ, 24 ਜਨਵਰੀ (ਜੱਜਪਾਲ ਸਿੰਘ ਜੱਜ)-ਖਿਡਾਰੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਮਾੜੀਮੇਘਾ ਦੇ ਨੌਜਵਾਨ ਵਲੋਂ ਰਾਸ਼ਟਰੀ ਸਾਈਕਲਿੰਗ ਖੇਡਾਂ ਵਿੱਚ ਦੋ ਤਗਮੇ ਜਿੱਤ ਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ | ਅਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਮਾੜੀਮੇਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਚੱਲੀਆਂ 13 ਤੋਂ 17 ਜਨਵਰੀ ਤੱਕ ਸਾਈਕਲਿੰਗ ਖੇਡਾਂ (ਟਰੈਕ) ਵਿਚ ਇਕ ਚਾਂਦੀ ਅਤੇ ਇਕ ਕਾਂਸੇ ਦਾ ਤਗਮਾ ਜਿੱਤਿਆ ਹੈ | ਉਹਨਾਂ ਖੇਡਾਂ ਵਿਚ ਆਪਣੇ ਵਧੀਆ ਪ੍ਰਦਰਸ਼ਨ ਦਾ ਸਿਹਰਾ ਕੋਚ ਰਜੇਸ਼ ਕੌਸ਼ਿ©ਕ, ਕੋਚ ਭੁਪਿੰਦਰ ਕੁਮਾਰ ਅਤੇ ਸਤਬੀਰ ਸਿੰਘ ਨੂੰ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਰਾਜ ਪੱਧਰ 'ਤੇ ਹੋਈਆਂ ਸਾਈਕਲਿੰਗ ਖੇਡਾਂ ( ਟਰੈਕ) 2025 ਵਿਚ ਇਕ ਸੋਨਾ ਅਤੇ ਦੋ ਕਾਂਸੀ ਦੇ ਮੈਡਲ ਜਿੱਤ ਚੁੱਕੇ ਹਨ | ਤਮਗੇ ਜਿੱਤ ਕੇ ਪਿੰਡ ਪੁੱਜੇ ਅਰਸ਼ਦੀਪ ਸਿੰਘ ਨੂੰ ਪਿੰਡ ਦੇ ਮੁਹਤਬਾਰਾਂ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਅਰਸ਼ਦੀਪ ਸਿੰਘ ਤੋਂ ਨੌਜਵਾਨਾਂ ਨੂੰ ਸੇਧ ਲੈਂਦਿਆਂ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ | ਜਿਸ ਨਾਲ ਜਿੱਥੇ ਉਹ ਤੰਦਰੁਸਤ ਰਹਿ ਸਕਦੇ ਹਨ, ਉੱਥੇ ਆਪਣਾ ਭਵਿੱਖ ਵੀ ਸੁਨਹਿਰੀ ਬਣਾ ਸਕਦੇ ਹਨ |