ਤਰਨ ਤਾਰਨ, 31 ਜਨਵਰੀ (ਇਕਬਾਲ ਸਿੰਘ ਸੋਢੀ)-ਇਕ ਪਾਸੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿਥੇ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹਨ ਅਤੇ ਲੋਕ ਅੱਜ ਵੀ ਵਿਕਾਸ ਕਾਰਜਾਂ ਨੂੰ ਤਰਸ ਰਹੇ ਹਨ | ਇਸੇ ਤਰ੍ਹਾਂ ਦੀ ਤਾਜਾ ਮਿਸਾਲ ਤਰਨ ਤਾਰਨ ਸ਼ਹਿਰ ਦੀ ਵਾਰਡ ਨੰਬਰ 5 ਵਿਚ ਪੈਂਦੇ ਮੁਹੱਲਾ ਨਾਨਕਸਰ 'ਚ ਪੈਂਦੀ ਗਲੀ ਤੀਰਥ ਰਾਮ ਵਾਲੀ ਤੋਂ ਮਿਲਦੀ ਹੈ, ਜਿਸ ਦੀ ਪਿਛਲੇ ਕਾਫੀ ਸਾਲਾਂ ਤੋਂ ਹਾਲਤ ਖਸਤਾ ਹੋਈ ਪਈ ਹੈ ਅਤੇ ਗਲੀ ਜਗ੍ਹਾ-ਜਗ੍ਹਾ ਤੋਂ ਟੁੱਟੀ ਪਈ ਹੈ, ਉਥੇ ਸੀਵਰੇਜ ਸਿਸਟਮ ਅਕਸਰ ਹੀ ਜਾਮ ਰਹਿੰਦਾ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਅਤੇ ਗਲੀ ਨਿਵਾਸੀ ਪ੍ਰੇਸ਼ਾਨ ਹਨ | ਇਸ ਸੰਬੰਧੀ ਗਲੀ ਨਿਵਾਸੀ ਗੁਰਭਾਗ ਸ਼ਰਮਾ, ਮਲੂਕ ਸਿੰਘ, ਮਲਕੀਤ ਸਿੰਘ ਮੱਲ੍ਹੀ, ਨਿਖਿਲ ਸ਼ਰਮਾ, ਨਿਤਿਨ ਸ਼ਰਮਾ, ਗੁਰਪ੍ਰੀਤ ਸਿੰਘ ਸੋਨੂੰ, ਗੁਰਵਿੰਦਰ ਸਿੰਘ ਲੱਕੀ, ਬਲਜੀਤ ਸਿੰਘ, ਜਤਿੰਦਰ ਸਿੰਘ, ਕਰਨ ਅਤੇ ਹੋਰਨਾਂ ਆਦਿ ਨੇ ਦੱਸਿਆ ਕਿ ਗਲੀ ਬਣੀ ਨੂੰ ਕਈ ਸਾਲ ਹੋ ਗਏ ਹਨ ਅਤੇ ਇਸਦੀ ਹਾਲਤ ਹੁਣ ਬਹੁਤ ਖਸਤਾ ਹਾਲਤ ਵਿਚ ਹੋ ਚੁੱਕੀ ਹੈ, ਉਥੇ ਅਕਸਰ ਹੀ ਗਲੀ ਵਿਚਲਾ ਸੀਵਰੇਜ ਸਿਸਟਮ ਜਾਮ ਰਹਿੰਦਾ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਅਤੇ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਉਥੇ ਗੰਦੇ ਪਾਣੀ ਵਿਚੋਂ ਲੋਕ ਲੰਘਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਗਲੀ ਕਈ ਜਗ੍ਹਾ ਤੋਂ ਟੁੱਟੀ ਹੋਣ ਕਾਰਨ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਉਨ੍ਹਾਂ ਵਿਧਾਇਕ ਹਰਮੀਤ ਸਿੰਘ ਸੰਧੂ ਪਾਸੋਂ ਮੰਗ ਕੀਤੀ ਕਿ ਗਲੀ ਤੀਰਥ ਰਾਮ ਵਾਲੀ ਨੂੰ ਜਲਦ ਤੋਂ ਜਲਦ ਨਵਾਂ ਬਣਾਇਆ ਜਾਵੇ, ਉਥੇ ਸੀਵਰੇਜ ਸਿਸਟਮ ਨੂੰ ਵੀ ਸਹੀ ਕੀਤੀ ਜਾਵੇ ਤਾਂ ਜੋ ਸੀਵਰੇਜ ਬੰਦ ਹੋਣ ਸਮੇਂ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |