ਤਰਨ ਤਾਰਨ, 31 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਜੋ ਇਤਿਹਾਸਕ ਗੁਰੂ ਨਗਰੀ ਹੈ, ਜਿਥੇ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਬੈਟਰੀ ਵਾਲੇ ਚੱਲਣ ਵਾਲੇ ਈ-ਰਿਕਸ਼ੇ ਸ਼ਹਿਰ ਦੀਆਂ ਸੜਕਾਂ 'ਤੇ ਸ਼ਰੇਆਮ ਚੱਲ ਰਿਹਾ ਹੈ | ਸ਼ਹਿਰ ਵਿਚ ਚੱਲਣ ਵਾਲੇ ਬੈਟਰੀ ਵਾਲੇ ਈ-ਰਿਕਸ਼ਿਆਂ ਦੀ ਜਿਆਦਾਤਰ ਰਜਿਸਟ੍ਰੇਸ਼ਨ ਵੀ ਸੰਬੰਧਿਤ ਆਰ.ਟੀ.ਓ ਦਫਤਰ ਵਿਖੇ ਨਹੀਂ ਹੋਈ ਹੁੰਦੀ ਅਤੇ ਬਿਨਾਂ ਨੰਬਰ ਪਲੇਟਾਂ ਤੋਂ ਇਹ ਈ-ਰਿਕਸ਼ੇ ਸ਼ਹਿਰ ਦੀਆਂ ਸੜਕਾਂ ਲੋਕਾਂ ਵਲੋਂ ਚਲਾ ਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆ ਜਾ ਰਹੀਆਂ ਹਨ | ਤਰਨ ਤਾਰਨ ਸ਼ਹਿਰ ਵਿਚ ਈ-ਰਿਕਸ਼ਿਆਂ ਦੀ ਭਰਮਾਰ ਹੋਣ ਕਾਰਨ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਉਪਰ ਵਾਹਨਾਂ ਦੇ ਭਾਰੀ ਜਾਮ ਲੱਗ ਰਹੇ ਹਨ ਕਿਉਂਕਿ ਈ-ਰਿਕਸ਼ਾ ਚਾਲਕ ਆਪਣੀ ਮਨਮਰਜੀ ਨਾਲ ਜਿਥੇ ਮਰਜੀ ਈ-ਰਿਕਸ਼ਾ ਖੜਾ ਕਰਕੇ ਸਵਾਰੀਆਂ ਉਡੀਕਦੇ ਹਨ, ਉਥੇ ਜਿਆਦਾ ਸ਼ਹਿਰ ਵਿਚ ਚੱਲਣ ਵਾਲੇ ਬੈਟਰੀ ਨਾਲ ਚੱਲਣ ਵਾਲੇ ਈ-ਰਿਕਸ਼ਾ ਚਾਲਕਾਂ ਉਪਰ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ, ਉਥੇ ਇਨ੍ਹਾਂ ਈ-ਰਿਕਸ਼ਿਆਂ ਨੂੰ ਨਾਬਾਲਗ ਵੀ ਚਲਾ ਰਹੇ ਹਨ ਅਤੇ ਬਹੁਤੇ ਚਾਲਕਾਂ ਪਾਸ ਡਰਾਈਵਿੰਗ ਲਾਇਸੰਸ ਆਦਿ ਵੀ ਨਹੀਂ ਹੁੰਦਾ ਅਤੇ ਨਾ ਹੀ ਕੋਈ ਵਾਹਨ ਚਲਾਉਣ ਦਾ ਤਜਰਬਾ, ਜਿਸ ਕਾਰਨ ਉਹ ਜਿਧਰ ਮਰਜੀ ਇਨ੍ਹਾਂ ਈ-ਰਿਕਸ਼ਾ ਨੂੰ ਚਲਾ ਰਹੇ ਹੁੰਦੇ ਹਨ ਅਤੇ ਸੜਕਾਂ ਉਪਰ ਸੜਕੀ ਹਾਦਸੇ ਵੱਧ ਰਹੇ ਹਨ ਅਤੇ ਰੋਜਾਨਾਂ ਹੀ ਇਨ੍ਹਾਂ ਈ-ਰਿਕਸ਼ਿਆਂ ਦੀ ਟੱਕਰ ਦੂਸਰੇ ਵਾਹਨਾਂ ਨਾਲ ਹੁੰਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਦੇ ਸੱਟਾਂ ਆਦਿ ਵੀ ਲੱਗ ਜਾਂਦੀਆਂ ਹਨ ਅਤੇ ਕਈ ਲੋਕ ਇਨ੍ਹਾਂ ਈ-ਰਿਕਸ਼ਾ ਦੀ ਚਪੇਟ ਵਿਚ ਆਉਣ ਕਾਰਨ ਮੌਤ ਦੇ ਮੂੰਹ ਵਿਚ ਵੀ ਜਾ ਚੁੱਕੇ ਹਨ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਈ-ਰਿਕਸ਼ਿਆਂ ਦੇ ਖ਼ੜਨ ਲਈ ਸੰਬੰਧਿਤ ਵਿਭਾਗ ਵਲੋਂ ਕੋਈ ਵੀ ਸਟੈਂਡ ਨਹੀਂ ਬਣਾਇਆ ਗਿਆ, ਜਿਸ ਕਾਰਨ ਇਹ ਈ-ਰਿਕਸ਼ਾ ਚਾਲਕ ਜਿਥੇ ਮਰਜੀ ਈ-ਰਿਕਸ਼ਾ ਖੜਾ ਕਰ ਲੈਂਦੇ ਹਨ, ਇਥੋਂ ਤੱਕ ਕਿ ਰਸਤੇ ਵਿਚ ਜਾ ਰਹੀ ਸਵਾਰੀ ਨੂੰ ਦੇਖਦਿਆਂ ਹੀ ਬਿਨਾਂ ਅੱਗੇ-ਪਿੱਛੇ ਦੇਖਿਆਂ ਬਰੇਕਾਂ ਮਾਰ ਦਿੰਦੇ ਹਨ, ਜਿਸ ਕਾਰਨ ਪਿੱਛੋਂ ਆਉਣ ਵਾਲੇ ਵਾਹਨ ਇਨ੍ਹਾਂ ਈ-ਰਿਕਸ਼ਾ ਵਿਚ ਵੱਜ ਜਾਂਦੇ ਹਨ ਅਤੇ ਲੋਕਾਂ ਦੇ ਸੱਟਾਂ ਲੱਗ ਜਾਂਦੀਆਂ ਹਨ ਅਤੇ ਅਕਸਰ ਹੀ ਸ਼ਹਿਰ ਦੀਆਂ ਸੜਕਾਂ ਉਪਰ ਇਹ ਈ-ਰਿਕਸ਼ਾ ਚਾਲਕ ਲੋਕਾਂ ਨਾਲ ਝਗੜੇ ਦਿਖਾਈ ਦਿੰਦੇ ਹਨ | ਇਥੋਂ ਤੱਕ ਕਿ ਇਨ੍ਹਾਂ ਬੈਟਰੀ ਵਾਲਿਆਂ ਈ-ਰਿਕਸ਼ਿਆਂ ਨੂੰ ਸਕੂਲਾਂ ਵਿਚ ਬੱਚਿਆਂ ਨੂੰ ਲਿਜਾਣ ਅਤੇ ਆਉਣ ਲਈ ਵੀ ਵਰਤਿਆ ਜਾ ਰਿਹਾ ਹੈ, ਜਿਸ ਵਿਚ ਬੱਚਿਆਂ ਨੂੰ ਤੂੰਨ-ਤੂੰਨ ਕੇ ਬਿਠਾਇਆ ਹੋਇਆ ਹੁੰਦਾ ਹੈ ਅਤੇ ਕਈ ਈ-ਰਿਕਸ਼ਿਆਂ ਦੀ ਹਾਲਤ ਵੀ ਬਹੁਤ ਹੀ ਮਾੜੀ ਹੁੰਦੀ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਨੰਬਰ ਪਲੇਟਾਂ ਨਾ ਹੋਣ ਕਾਰਨ ਕਈ ਵਿਅਕਤੀ ਅਪਰਾਧ ਨੂੰ ਦੇ ਕੇ ਬੜੀ ਅਸਾਨੀ ਨਾਲ ਫ਼ਰਾਰ ਹੋ ਸਕਦਾ ਹੈ | ਸ਼ਹਿਰ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਵਿਭਾਗ ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਵਿਚ ਬਿਨਾਂ ਕਿਸੇ ਨੰਬਰ ਪਲੇਟਾਂ ਤੋਂ ਚੱਲ ਰਹੇ ਈ-ਰਿਕਸ਼ਾ ਚਾਲਕਾਂ ਖਿਲਾਫ਼ ਬਣਦੀ ਕਾਰਵਾਈ ਕਰਨ ਲਈ ਵੱਖ-ਵੱਖ ਚੌਂਕਾਂ ਅਤੇ ਇਲਾਕਿਆਂ ਵਿਚ ਇਸ ਪ੍ਰਤੀ ਮੁਹਿੰਮ ਚਲਾਈ ਜਾਵੇਂ ਅਤੇ ਜਿਹੜੇ ਲੋਕ ਬਿਨਾਂ ਲਾਇਸਿੰਸ ਜਾਂ ਨਾਲਬਾਗ ਇਸ ਨੂੰ ਚਲਾ ਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ |
ਟ੍ਰੈਫਿਕ ਨਿਯਮਾਂ ਨੂੰ ਛੱਕੇ ਟੰਗ ਕੇ ਬਿਨਾਂ ਨੰਬਰ ਪਲੇਟਾਂ ਤੋਂ ਸ਼ਹਿਰ ਵਿਚ ਚੱਲ ਰਹੇ ਬੈਟਰੀ ਰਿਕਸ਼ੇ <br/>
ਅਜੀਤ ਡੈਸਕ
01-02-2026