28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕੇਂਦਰ ਨੇ ਬਜਟ ਰਾਹੀਂ ਪੰਜਾਬ ਦੀ ਕਿਸਾਨੀ ਤੇ ਸਨਅਤ ਦੀ 'ਸੰਘੀ ਘੁੱਟੀ', ਹੁਣ ਪ੍ਰਧਾਨ ਮੰਤਰੀ ਸਿਆਸੀ ਹਮਦਰਦੀ ਦਾ ਮੁਖੌਟਾ ਪਾ ਕੇ ਪਹੁੰਚੇ ਪੰਜਾਬ-ਬ੍ਰਹਮਪੁਰਾ

Ad Position 21
No active advertisement
ਅਜੀਤ ਡੈਸਕ 02-02-2026

ਤਰਨ ਤਾਰਨ, 1 ਫ਼ਰਵਰੀ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਹਲਕਾ ਇੰਚਾਰਜ ਖਡੂਰ ਸਾਹਿਬ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣਾ ਸਮੁੱਚੀ ਮਨੁੱਖਤਾ ਅਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਤਹਿ ਦਿਲੋਂ ਸਵਾਗਤ ਕਰਦਾ ਹੈ, ਪਰ ਨਾਲ ਹੀ ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਅੱਜ ਹੀ ਪੇਸ਼ ਕੀਤੇ ਗਏ ਕੇਂਦਰੀ ਬਜਟ ਨੇ ਬਰਾਬਰੀ ਵਾਲੇ ਸਮਾਜ ਦੇ ਸਿਧਾਂਤ ਨੂੰ ਵਿਸਾਰ ਦਿੱਤਾ ਹੈ | ਬ੍ਰਹਮਪੁਰਾ ਨੇ ਕਿਹਾ ਕਿ ਗੁਰੂ ਸਾਹਿਬ ਦਾ ਸੁਪਨਾ ਸੀ ਬੇਗਮਪੁਰਾ ਭਾਵ ਅਜਿਹਾ ਸ਼ਹਿਰ ਜਿੱਥੇ ਕੋਈ ਗਮ ਜਾਂ ਗ਼ਰੀਬੀ ਨਾ ਹੋਵੇ | ਨਾਮਕਰਨ ਕਰਨਾ ਇਕ ਚੰਗਾ ਉਪਰਾਲਾ ਹੈ, ਪਰ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਤਾਂ ਹੁੰਦੀ ਜੇਕਰ ਪ੍ਰਧਾਨ ਮੰਤਰੀ ਅੱਜ ਬਜਟ ਵਿਚ ਦਲਿਤ ਵਿਦਿਆਰਥੀਆਂ ਲਈ ਵਜ਼ੀਫਿਆਂ ਦੇ ਗੱਫ਼ੇ, ਬੇਜ਼ਮੀਨੇ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਅਤੇ ਗਰੀਬਾਂ ਲਈ ਪੱਕੀਆਂ ਛੱਤਾਂ ਦਾ ਐਲਾਨ ਕਰਕੇ ਆਉਂਦੇ | ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬਜਟ ਵਿਚ ਮਜ਼ਦੂਰਾਂ ਅਤੇ ਗਰੀਬ ਵਰਗ ਲਈ ਸਬਸਿਡੀਆਂ ਘਟਾ ਦਿੱਤੀਆਂ ਗਈਆਂ ਹਨ, ਜੋ ਕਿ ਗੁਰੂ ਸਾਹਿਬ ਦੀ ਸੋਚ ਦੇ ਉਲਟ ਹੈ | ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਦਲਿਤ ਭਾਈਚਾਰੇ ਨੂੰ ਸਿਰਫ਼ ਵੋਟ ਬੈਂਕ ਨਹੀਂ ਸਮਝਿਆ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸ਼ੁਰੂ ਕੀਤੀਆਂ ਗਈਆਂ ਆਟਾ-ਦਾਲ ਸਕੀਮ, ਸ਼ਗਨ ਸਕੀਮ ਅਤੇ ਐਸ.ਸੀ. ਭਾਈਚਾਰੇ ਲਈ 200 ਯੂਨਿਟ ਮੁਫ਼ਤ ਬਿਜਲੀ ਵਰਗੀਆਂ ਯੋਜਨਾਵਾਂ ਨੇ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਸੀ, ਪਰ ਅੱਜ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ 'ਆਪ' ਸਰਕਾਰ ਸਿਰਫ਼ ਨਾਵਾਂ ਅਤੇ ਐਲਾਨਾਂ ਦੀ ਸਿਆਸਤ ਕਰ ਰਹੀਆਂ ਹਨ, ਜਦਕਿ ਗਰੀਬ ਦੀ ਥਾਲੀ ਖਾਲੀ ਹੁੰਦੀ ਜਾ ਰਹੀ ਹੈ | ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਨੇ ਬਜਟ ਰਾਹੀਂ ਕਿਸਾਨਾਂ ਦੀ ਖਾਦ ਸਬਸਿਡੀ 'ਤੇ ਕੈਂਚੀ ਫੇਰ ਕੇ ਅੰਨਦਾਤੇ ਦਾ ਲੱਕ ਤੋੜ ਦਿੱਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਜੀ.ਐਸ.ਟੀ. ਦੀਆਂ ਗੁੰਝਲਾਂ ਅਤੇ ਐਕਸਪੋਰਟਰਾਂ ਦੇ ਰੁਕੇ ਹੋਏ ਪੁਰਾਣੇ ਕਲੇਮਾਂ ਬਾਰੇ ਧਾਰੀ ਚੁੱਪ ਨੇ ਪੰਜਾਬ ਦੇ ਵਪਾਰ ਨੂੰ ਬਰਬਾਦੀ ਕੰਢੇ ਲਿਆ ਖੜ੍ਹਾ ਕੀਤਾ ਹੈ | ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਮੁੱਦਿਆਂ 'ਤੇ ਸੂਬੇ ਦੇ ਹੱਕ ਕਿਉਂ ਮਰਵਾਏ? ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਫ਼ੇਰੀ ਦੌਰਾਨ ਪੰਜਾਬ ਦੇ ਐਸ.ਸੀ. ਵਿਦਿਆਰਥੀਆਂ ਦੇ ਰੁਕੇ ਹੋਏ ਸਕਾਲਰਸ਼ਿਪ ਫੰਡਾਂ ਦੀ ਮੰਗ ਨਾ ਕਰਕੇ ਸਮਾਜ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਦਲਿਤ, ਪੱਛੜੇ ਅਤੇ ਕਿਸਾਨ ਵਰਗ ਦਾ ਭਵਿੱਖ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਸਰਬ-ਸਾਂਝੀ ਅਗਵਾਈ ਵਿਚ ਹੀ ਸੁਰੱਖਿਅਤ ਹੈ, ਜੋ ਹਰ ਵਰਗ ਨੂੰ ਗਲ ਨਾਲ ਲਾ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ |

Ad Position 22
No active advertisement
ਪਿਛਲੀ ਖ਼ਬਰ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਵਲੋਂ ਮਨਾਇਆ ਗਿਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਗਲੀ ਖ਼ਬਰ ਪੁਲਿਸ ਵਲੋਂ ਡਰੋਨ ਸਮੇਤ 1 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ
Ad Position 24