ਝਬਾਲ, 1 ਫਰਵਰੀ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਅੱਡਾ ਗੱਗੋਬੂਹਾ ਨੇੜੇ੍ਹ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ, ਜਦੋਂਕਿ ਉਸ ਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਝਬਾਲ ਅਤੇ ਉਸ ਦੀ ਪਤਨੀ ਅੰਜੂ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਪੱਧਰੀ ਤੋਂ ਰਿਸ਼ਤੇਦਾਰਾਂ ਨੰੂ ਮਿਲ ਕੇ ਵਾਪਸ ਘਰ ਪਰਤ ਰਹੇ ਸਨ | ਜਦੋਂ ਉਹ ਅੱਡਾ ਗੱਗੋਬੂਹਾ ਨੇੜੇ੍ਹ ਪੁੱਜੇ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫ਼ਤਾਰ ਮੋਟਰਸਾਈਕਲ ਉਨ੍ਹਾਂ ਦੇ ਮੋਟਰਸਾਈਕਲ ਦੇ ਵਿਚ ਆ ਵੱਜਾ, ਜਿਸ ਨਾਲ ਦੋਵੇਂ ਪਤੀ-ਪਤਨੀ ਸੜਕ 'ਤੇ ਡਿੱਗ ਪਏ | ਇਸੇ ਦੌਰਾਨ ਪਿੱਛੋਂ ਆ ਰਹੀ ਇਕ ਹੋਰ ਤੇਜ਼ ਰਫ਼ਤਾਰ ਗੱਡੀ ਸੜਕ 'ਤੇ ਡਿੱਗੀ ਅੰਜੂ ਦੇ ਸਿਰ ਉਪਰੋਂ ਲੰਘ ਗਈ, ਜਿਸ ਨਾਲ ਅੰਜੂ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂਕਿ ਉਸ ਦਾ ਪਤੀ ਨਵਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਜੇਰੇ ਇਲਾਜ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ | ਘਟਨਾ ਸਥਾਨ 'ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣੇਦਾਰ ਜਤਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |