ਖਾਲੜਾ, 2 ਫਰਵਰੀ (ਜੱਜਪਾਲ ਸਿੰਘ ਜੱਜ)-ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਲਾਹੌਰ ਵਿਖੇ ਮੁਲਾਕਾਤ ਕਰਨ ਅਤੇ 126 ਸਾਲਾਂ ਦੇ ਹੋਣ ਦਾ ਦਾਅਵਾ ਕਰਨ ਵਾਲਾ ਬਜ਼ੁਰਗ ਤੰਦਰੁਸਤੀ ਦੀ ਜਿੰਦਗੀ ਹੰਢਾਅ ਰਿਹਾ ਹੈ | ਬੂੜ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਨੇ ਆਪਣੀ ਉਮਰ 126 ਸਾਲ ਦੱਸਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਾਹੌਰ ਜੇਲ੍ਹ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ | ਉਨ੍ਹਾਂ ਸ਼ਹੀਦ ਭਗਤ ਸਿੰਘ ਦਾ ਗੋਰਾ ਰੰਗ ਪਤਲਾ ਸਰੀਰ ਅਤੇ ਅੱਖ ਮੋਟੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ ਸੀ | ਉਨ੍ਹਾਂ ਆਪਣੀ ਲੰਬੀ ਉਮਰ ਦਾ ਰਾਜ ਦੇਸੀ ਘਿਓ, ਦੁੱਧ, ਮਲਾਈ ਤਿਲਾਂ ਦੇ ਬੀਜ, ਬਦਾਮ, ਕਸਤੂਰੀ ਆਦਿ ਦੱਸਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਦੀਆਂ ਛੇ ਪੀੜੀਆਂ ਵੇਖ ਚੁੱਕੇ ਹਨ | ਆਪਣੇ ਸਾਰੇ ਹਾਣੀ ਗਵਾ ਚੁੱਕੇ ਬੂੜ ਸਿੰਘ ਨੇ ਦੱਸਿਆ ਕਿ ਉਹ ਅਨੇਕਾਂ ਵਾਰ ਨਨਕਾਣਾ ਸਾਹਿਬ ਨਤਮਸਤਕ ਹੋਏ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਹੀਵਾਲ, ਮੁਲਤਾਨ, ਕਾਬਲ, ਕੰਧਾਰ ਤੱਕ ਵੇਖਿਆ ਹੈ | ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਆਜ਼ਾਦੀ ਦੀ ਲੜਾਈ ਵਿਚ ਕੋਈ ਹਿੱਸਾ ਨਹੀਂ ਲਿਆ, ਪ੍ਰੰਤੂ ਉਨ੍ਹਾਂ ਨੂੰ ਪੰਜਾਬ ਸਰਕਾਰ 'ਤੇ ਇਕ ਮਲਾਲ ਹੈ ਕਿ ਉਨ੍ਹਾਂ ਜਿੰਨੀ ਉਮਰ ਪੂਰੇ ਪੰਜਾਬ ਵਿਚ ਕੋਈ ਭੋਗਣ ਵਾਲਾ ਵਿਅਕਤੀ ਨਹੀਂ ਬਚਿਆ, ਪ੍ਰੰਤੂ ਫਿਰ ਵੀ ਕਦੀ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਿਤ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜ਼ਮਾਨੇ ਵਿਚ ਇਕ ਤੋਂ ਦੂਸਰੇ ਪਿੰਡ ਜਾਣ ਵਾਸਤੇ ਘੋੜੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਦੀ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ਉਨ੍ਹਾਂ ਦੇ ਪਤਿਓਰੇ ਚੰਨਣ ਸਿੰਘ ਰਾੜਾ ਨੇ ਕਰਵਾਈ ਸੀ | ਉਨ੍ਹਾਂ ਆਪਣੀ ਲੰਬੀ ਉਮਰ ਦਾ ਰਾਜ ਚੰਗੀ ਖੁਰਾਕ ਨੂੰ ਦੱਸਦਿਆਂ ਕਿਹਾ ਕਿ ਉਹ ਅੱਜ ਵੀ ਸਵੇਰੇ ਉੱਠ ਕੇ ਦੁੱਧ ਨਾਲ ਪੰਜੀਰੀ ਖਾਂਦੇ ਹਨ ਅਤੇ ਬਹੁਤ ਸਮਾਂ ਤਾਂ ਗੁਲਾਬੀ ਚਾਹ ਪੀਂਦੇ ਰਹੇ, ਪ੍ਰੰਤੂ ਹੁਣ ਮਜ਼ਬੂਰੀ ਵਸ ਕਾਲੀ ਚਾਹ ਪੀਣੀ ਪੈ ਰਹੀ ਹੈ | ਉਨ੍ਹਾਂ ਦੇ ਲੜਕੇ ਦਰਬਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਨਿਗ੍ਹਾ ਅੱਜ ਵੀ ਕਾਇਮ ਹੈ ਕੋਈ ਐਨਕ ਨਹੀਂ ਲੱਗੀ ਹੋਈ, ਦੰਦ ਬਿਲਕੁਲ ਠੀਕ ਹਨ, ਉਹ ਬਾਦਾਮ ਖਾ ਲੈਂਦੇ ਹਨ ਅਤੇ ਗੋਡੇ ਬਿਲਕੁਲ ਠੀਕ ਠਾਕ ਹਨ | ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਨੇ ਕਦੀ ਡਾਕਟਰ ਕੋਲੋਂ ਦਵਾਈ ਨਹੀਂ ਲਈ ਅਤੇ ਉਨ੍ਹਾਂ ਦੀ ਸੋਚ ਹੈ ਕਿ ਦਵਾਈ ਲੋਕਾਂ ਨੂੰ ਠੀਕ ਨਹੀਂ ਬਿਮਾਰ ਕਰਦੀ ਹੈ | ਉਨ੍ਹਾਂ 1947 ਵੇਲੇ ਦੋਹਾਂ ਦੇਸ਼ਾਂ ਦੀ ਹੋਈ ਵੰਡ ਨੂੰ ਯਾਦ ਕਰਦਿਆਂ ਮਨ ਭਰਦਿਆਂ ਕਿਹਾ ਕਿ ਇਸ ਬਟਵਾਰੇ ਨਾਲ ਬਹੁਤ ਪਰਿਵਾਰ ਵੰਡੇ ਗਏ ਸਨ |