ਤਰਨ ਤਾਰਨ, 2 ਫਰਵਰੀ (ਇਕਬਾਲ ਸਿੰਘ ਸੋਢੀ)-ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਤਰਨ ਤਾਰਨ ਵਲੋਂ ਕੇਂਦਰੀ ਬਜਟ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਹੈ | ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਸੂਬਾਈ ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਗਿੱਲ, ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ, ਜਥੇਬੰਦਕ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਅਗਲੇ ਇਕ ਸਾਲ ਲਈ ਸਰਕਾਰੀ ਕੰਮਾਂ ਦਾ ਅਗਾਊਾ ਪ੍ਰੋਗਰਾਮ ਹੁੰਦਾ ਹੈ ਜਿਸ ਤਹਿਤ ਸਰਕਾਰ ਨੇ ਆਮ ਲੋਕਾਂ ਨੂੰ ਸੁਚਾਰੂ ਜਿੰਦਗੀ ਜਿਉਣ ਲਈ ਤਜਵੀਜ਼ ਬਣਾਉਣੀ ਹੁੰਦੀ ਹੈ ਪਰ ਇਸ ਬਜਟ ਵਿਚ ਮਿਹਨਤਕਸ਼ ਲੋਕਾਂ ਲਈ ਕੁੱਝ ਵੀ ਨਹੀਂ | ਦੇਸ਼ ਦੇ ਸਭ ਤੋਂ ਵੱਡੇ ਖੇਤੀ ਸੈਕਟਰ ਲਈ ਕੋਈ ਉਸਾਰੂ ਯੋਜਨਾ ਨਹੀਂ | ਐਮ.ਐਸ.ਪੀ. ਦੇਣ ਬਾਰੇ ਇਕ ਸ਼ਬਦ ਨਹੀਂ ਬੋਲਿਆ ਗਿਆ | ਦੇਸ਼ ਦੀ ਬਹੁ-ਗਿਣਤੀ ਪੇਂਡੂ ਕਿਸਾਨ ਮਜ਼ਦੂਰ ਹਨ ਜਿੰਨਾਂ ਦਾ ਜਿੰਦਗੀ ਨਿਰਬਾਹ ਸੌਖਾ ਕਰਨ ਲਈ ਤੇ ਮਿਹਨਤ ਦਾ ਮੁੱਲ ਪਾਉਣ ਲਈ ਕੁਝ ਨਹੀਂ ਹੈ | ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਬਾਰੇ ਵੀ ਕੁੱਝ ਨਹੀਂ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ, ਕਨਵੀਨਰ ਬਲਦੇਵ ਸਿੰਘ ਧੂੰਦਾ, ਰਣਜੀਤ ਸਿੰਘ ਬਹਾਦਰ ਨਗਰ, ਕੁਲਬੀਰ ਸਿੰਘ ਕਸੇਲ, ਸੁਖਦੇਵ ਸਿੰਘ ਮਾਣੋਚਾਲ੍ਹ, ਰਾਣਾ ਰਣਜੀਤ ਸਿੰਘ, ਅਵਤਾਰ ਸਿੰਘ ਪਲਾਸੌਰ, ਜੈਮਲ ਸਿੰਘ ਬਾਠ, ਦਰਸ਼ਨ ਸਿੰਘ ਬਿਹਾਰੀਪੁਰ, ਬਾਬਾ ਹੀਰਾ ਸਿੰਘ ਮੌਜੂਦ ਸਨ |