ਅੰਮਿ੍ਤਸਰ, 4 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਮੇਅਰ ਜਤਿੰਦਰ ਸਿੰਘ ਭਾਟੀਆ ਨੇ ਸ਼ਹਿਰ ਦੀ ਸਾਫ-ਸਫਾਈ ਪ੍ਰਬੰਧਾਂ ਦੀ ਸਮੀਖਿਆ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ, ਜਿਸ 'ਚ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਸਿਹਤ ਅਧਿਕਾਰੀ ਡਾ. ਕਿਰਨ ਕੁਮਾਰ, ਡਾ. ਯੋਗੇਸ਼ ਅਰੋੜਾ, ਡਾ. ਰਮਾ, ਸੀ. ਐੱਸ. ਓ. ਮਲਕੀਅਤ ਸਿੰਘ, ਸੀ. ਐੱਸ. ਆਈ. ਅਤੇ ਕੂੜਾ ਚੁੱਕਣ ਵਾਲੀ ਕੰਪਨੀ ਆਰ. ਆਰ. ਆਰ. ਦੇ ਪ੍ਰਤੀਨਿਧੀ, ਜਿਨ੍ਹਾਂ 'ਚ ਰਾਜੀਵ ਅਰੋੜਾ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ | ਮੀਟਿੰਗ ਦੌਰਾਨ ਮੇਅਰ ਭਾਟੀਆ ਨੇ ਸ਼ਹਿਰ 'ਚ ਵਿਸ਼ੇਸ਼ ਤੌਰ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਸਫਾਈ ਦੇ ਉੱਚ ਮਿਆਰ ਨੂੰ ਬਰਕਰਾਰ ਰੱਖਣ 'ਤੇ ਖਾਸ ਜ਼ੋਰ ਦਿੱਤਾ | ਉਨ੍ਹਾਂ ਕੂੜਾ ਚੁੱਕਣ ਵਾਲੀ ਕੰਪਨੀ ਨੂੰ ਹਫ਼ਤੇ ਦੇ ਸੱਤੋਂ ਦਿਨ ਕੂੜਾ ਚੁੱਕਣ ਦੇ ਨਿਰਦੇਸ਼ ਦਿੱਤੇ, ਜਿਸ 'ਚ ਕਿਸੇ ਵੀ ਕਿਸਮ ਦੀ ਢਿੱਲਪਣ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਊ. ਆਰ. ਕੋਡ ਲਗਾਉਣ ਲਈ ਵੀ ਕਿਹਾ ਤਾਂ ਜੋ ਕੂੜਾ ਨਾ ਚੁੱਕੇ ਜਾਣ ਦੀ ਸਥਿਤੀ 'ਚ ਨਾਗਰਿਕ ਸ਼ਿਕਾਇਤ ਦਰਜ ਕਰਵਾ ਸਕਣ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਕਰਮਚਾਰੀਆਂ ਨੂੰ ਯੂਜ਼ਰ ਚਾਰਜ ਵਸੂਲੀ ਲਈ ਪੀ. ਓ. ਐੱਸ. ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ ਭੁਗਤਾਨ ਮਗਰੋਂ ਨਾਗਰਿਕਾਂ ਨੂੰ ਤੁਰੰਤ ਰਸੀਦ ਦੇਣਾ ਲਾਜ਼ਮੀ ਹੈ |