ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ, ਨਾਜਾਇਜ਼ ਸ਼ਰਾਬ, ਡਰੱਗ ਮਨੀ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਝਬਾਲ ਦੇ ਏ.ਐਸ.ਆਈ. ਤਸਵੀਰ ਸਿੰਘ ਨੇ ਗਸ਼ਤ ਦੌਰਾਨ ਦਾਣਾ ਮੰਡੀ ਝਬਾਲ ਵਿਖੇ ਸੰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪੱਕਾ ਕਿਲਾ ਝਬਾਲ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐਸ.ਆਈ. ਬਲਵਿੰਦਰ ਸਿੰਘ ਸਾਥੀ ਕਰਮਚਾਰੀਆਂ ਗਸ਼ਤ ਦੇ ਸੰਬੰਧ ਵਿਚ ਨਾਰਲੀ ਮੋੜ ਖਾਲੜਾ ਵਿਖੇ ਮੌਜੂਦ ਸਨ ਕਿ ਇਕ ਵਿਅਕਤੀ ਖਾਲੜਾ ਦਾਣਾ ਮੰਡੀ ਵਿਚੋਂ ਸੜਕ 'ਤੇ ਚੜਿਆ, ਜਿਸ ਦੇ ਹੱਥ ਵਿਚ ਇਕ ਵਜ਼ਨਦਾਰ ਕੈਨੀ ਪਲਾਸਟਿਕ ਫੜੀ ਹੋਈ ਸੀ, ਜਿਸ 'ਤੇ ਪੁਲਿਸ ਪਾਰਟੀ ਨੂੰ ਸ਼ੱਕ ਪੈਣ 'ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਜਦ ਕੈਨੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 6 ਬੋਤਲਾਂ (4500 ਐਮ.ਐਲ) ਨਾਜਾਇਜ਼ ਸ਼ਰਾਬ ਬਰਾਮਦ ਹੋਈ | ਫੜੇ ਗਏ ਵਿਅਕਤੀ ਦੀ ਪਛਾਣ ਧੰਨਾ ਸਿੰਘ ਪੁੱਤਰ ਫ਼ੌਜਾ ਸਿੰਘ ਵਾਸੀ ਖਾਲੜਾ ਵਜੋਂ ਹੋਈ | ਥਾਣਾ ਸਿਟੀ ਪੱਟੀ ਦੇ ਏ.ਐਸ.ਆਈ. ਹਰਜਿੰਦਰ ਸਿੰਘ ਅੰਡਰ ਬਰਿੱਜ ਰੇਲਵੇ ਸਟੇਸ਼ਨ ਪੱਟੀ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੇ ਸ਼ੱਕ ਦੇ ਅਧਾਰ 'ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਅਤੇ 1500 ਰੁਪਏ ਡਰੱਗ ਮਨੀ ਬਰਾਮਦ ਕੀਤੀ | ਫੜੇ ਗਏ ਵਿਅਕਤੀ ਦੀ ਪਛਾਣ ਚੰਦ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਵਜੋਂ ਹੋਈ | ਪੁਲਿਸ ਵਲੋਂ ਚੰਦ ਸਿੰਘ ਨੂੰ ਸਖ਼ਤੀ ਨਾਲ ਇਸ ਹੈਰੋਇਨ ਬਾਰੇ ਪੁੱਛਿਆ ਤਾਂ ਉਸ ਨੇ ਮੰਨਿਆ ਕਿ ਇਹ ਹੈਰੋਇਨ ਉਸ ਨੇ ਹੀਰਾ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਪਾਸੋਂ ਖ਼ਰੀਦ ਕੀਤੀ ਹੈ ਅਤੇ ਅਗਾਂਹ ਪ੍ਰਭਜੀਤ ਸਿੰਘ ਵਾਸੀ ਵਾਰਡ ਨੰਬਰ 4 ਪੱਟੀ ਨੂੰ ਵੇਚਣੀ ਹੈ | ਇਸ ਸੰਬੰਧੀ ਪੁਲਿਸ ਵਲੋਂ ਹੀਰਾ ਸਿੰਘ ਅਤੇ ਪ੍ਰਭਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਵੀ ਗਿ੍ਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |