ਅਮਰਕੋਟ, 22 ਫਰਵਰੀ (ਭੱਟੀ)-ਸੂਬੇ ਭਰ ਤੇ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਹੁੰਮੁੱਖੀ ਵਿਕਾਸ ਕਰਵਾਇਆ ਗਿਆ ਹੈ, ਜਿਸ ਕਰਕੇ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ, ਇਸ ਦਾ ਸਬੂਤ 7 ਮਾਰਚ ਨੂੰ ਦਾਣਾ ਮੰਡੀ ਅਮਰਕੋਟ ਹੋ ਰਹੀ ਵਿਸ਼ਾਲ ਰੈਲੀ 'ਚ ਵੇਖਣ ਨੂੰ ਮਿਲੇਗਾ | ਇਸ ਰੈਲੀ ਵਿਚ ਨਿਰੋਲ ਹਲਕਾ ਖੇਮਕਰਨ ਦੇ ਲੋਕਾਂ ਦਾ ਇਕੱਠ ਵੇਖਣ ਨੂੰ ਮਿਲੇਗਾ, ਜੋ 2027 ਦੀਆਂ ਚੋਣਾਂ ਲਈ ਵਿਧਾਇਕ ਸਰਵਨ ਸਿੰਘ ਧੁੰਨ ਦੇ ਹੱਕ 'ਚ ਇਕ ਤਰ੍ਹਾਂ ਨਾਲ ਫਤਵਾ ਹੋਵੇਗੀ | ਅਕਾਲੀਆਂ ਵਾਂਗ ਪੂਰੇ ਮਾਝੇ ਦਾ ਇਕੱਠ ਕਰਕੇ ਢੀਂਗਾ ਨਹੀਂ ਮਾਰੀਆਂ ਜਾਣਗੀਆਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ ਵਲੋਂ ਵੱਖ-ਵੱਖ ਪਿੰਡਾਂ 'ਚ 7 ਮਾਰਚ ਦੀ ਰੈਲੀ ਦੇ ਸੰਬੰਧ 'ਚ ਆਮ ਲੋਕਾਂ ਨੂੰ ਲਾਮਬੰਧ ਕਰਨ ਉਪਰੰਤ ਇਥੇ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਥੇ ਆਪਣੇ ਵਾਅਦੇ ਗਰੰਟੀਆਂ ਮੁਤਾਬਿਕ ਸਾਰੀਆਂ ਸਹੂਲਤਾਂ ਸੂਬਾ ਵਾਸੀਆਂ ਨੂੰ ਦਿੱਤੀਆਂ, ਉਥੇ ਹੁਣ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਵੀ ਦੇਣ ਜਾ ਰਹੇ ਹਨ, ਜੋ ਪਾਰਟੀ ਲਈ ਬਹੁਤ ਲਾਹੇਵੰਦ ਹੋਵੇਗਾ, ਕਿਉਂਕਿ ਬੀਬੀਆਂ ਭੈਣਾਂ ਨੇ ਅੱਗੇ ਵੀ ਵੱਧ ਚੜ੍ਹ ਕੇ ਵੋਟਾਂ 'ਆਪ' ਨੂੰ ਪਾਈਆ ਸੀ ਤੇ ਅੱਗੇ ਵੀ ਪਾਉਣਗੀਆਂ | ਇਸ ਮੌਕੇ ਸਰਪੰਚ ਜੁਗਰਾਜ ਸਿੰਘ ਕੋਟਲੀ, ਸਰਪੰਚ ਗੁਰਜੰਟ ਸਿੰਘ ਸੰਧੂ, ਸਰਪੰਚ ਸੁਖਦੇਵ ਸਿੰਘ ਘਰਿਆਲੀ, ਸਰਪੰਚ ਪ੍ਰਤਾਪ ਸਿੰਘ ਚੀਮਾ, ਸਰਪੰਚ ਬਿਕਰਮ ਸਿੰਘ ਭੁੱਲਰ ਆਦਿ ਵੀ ਹਾਜ਼ਰ ਸਨ |