ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਹਲਕਾ ਵਾਰ ਕੀਤੀਆਂ ਜਾ ਰਹੀਆਂ ਰੈਲੀਆਂ ਵਿਚ ਲੋਕਾਂ ਦਾ ਉਮੜ ਰਿਹਾ ਸੈਲ੍ਹਾਬ ਇਹ ਦਰਸਾਉਂਦਾ ਹੈ ਕਿ ਲੋਕ ਧੜਾਧੜ ਸ਼ੋ੍ਰਮਣੀ ਅਕਾਲੀ ਦਲ ਦੇ ਬੇੜੇ ਵਿਚ ਸਵਾਰ ਹੋ ਰਹੇ ਹਨ | ਇਸ ਦਾ ਸ਼ੁੱਭ ਸੰਕੇਤ ਹੈ ਕਿ 2027 ਵਿਚ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਦੀ ਸਰਕਾਰ ਬਣਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਰਸੂਲਪੁਰ ਦੇ ਗ੍ਰਹਿ ਵਿਖੇ ਸਰਪੰਚ ਦਰਬਾਰਾ ਸਿੰਘ ਦੇ ਗ੍ਰਹਿ ਵਿਖੇ 2027 ਦੀਆਂ ਚੋਣਾਂ ਸੰਬੰਧੀ ਇਕ ਮੀਟਿੰਗ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਅਤੇ ਕੋਰ ਕਮੇਟੀ ਮੈਂਬਰ ਗੁਰਸੇਵਕ ਸਿੰਘ ਸ਼ੇਖ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀਆਂ ਹੋ ਰਹੀਆਂ ਰੈਲੀਆਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਜਨਤਾ ਦੇ ਉਤਸ਼ਾਹ ਨੂੰ ਵੇਖਦਿਆਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਸਤਾਏ ਹੋਏ ਹਨ | ਉਨ੍ਹਾਂ ਕਿਹਾ ਕਿ 2022 ਵਿਚ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ 'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ, ਜਿਸ ਨਾਲ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜਭਾਗ ਦੌਰਾਨ ਨਸ਼ਾ, ਗੁੰਡਾਗਰਦੀ, ਕਤਲੋਗਾਰਦ, ਲੁੱਟਾਂ-ਖੋਹਾਂ ਅਤੇ ਗੈਂਗਸਰਵਾਦ ਚੱਲ ਰਿਹਾ ਹੈ ਅਤੇ ਸ਼ਰੇਆਮ ਲੋਕਾਂ ਦੇ ਕਤਲ ਹੋ ਰਹੇ ਹਨ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਕੋਈ ਚੀਜ ਨਜ਼ਰ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦੀ ਵੱਧ ਰਹੀ ਲੋਕਪਿ੍ਯਤਾ ਦੇ ਚੱਲਦਿਆਂ ਲੋਕਾਂ ਦਾ ਰੁਝਾਨ ਅਕਾਲੀ ਦਲ ਵਿਚ ਵੱਧਣਾ ਸ਼ੁਰੂ ਹੋ ਗਿਆ ਹੈ | ਇਸ ਮੌਕੇ ਉਨ੍ਹਾਂ ਨਾਲ ਸਰਵਣ ਸਿੰਘ, ਬਲਵਿੰਦਰ ਸਿੰਘ ਮੈਂਬਰ, ਹਰੀ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |