ਤਰਨ ਤਾਰਨ 22 ਫਰਵਰੀ (ਹਰਿੰਦਰ ਸਿੰਘ)-ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਸਥਾਨਕ 66 ਕੇ.ਵੀ. ਬਿਜਲੀ ਘਰ ਫੋਕਲ ਪੁਆਇੰਟ ਵਿਖੇ ਸਰਕਲ ਕਮੇਟੀ ਦੀ ਚੋਣ ਕਰਨ ਲਈ ਚੁਣੇ ਹੋਏ ਡੈਲੀਗੇਟਾਂ ਦੀ ਇਕੱਤਰਤਾ ਬਲਜਿੰਦਰ ਕੌਰ, ਬਲਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੇ ਸਾਂਝੇ ਪ੍ਰਧਾਨਗੀ ਮੰਡਲ ਹੇਠ ਹੋਈ | ਸਾਢੇ ਤਿੰਨ ਸਾਲ ਬਾਅਦ ਜਥੇਬੰਦਕ ਕਾਨਫਰੰਸ ਕਰਨ ਲਈ ਹੋਈ ਇਸ ਇਕੱਤਰਤਾ ਵਿਚ ਵੱਖ-ਵੱਖ ਡਵੀਜ਼ਨਾਂ ਤੋਂ ਚੁਣੇ ਹੋਏ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਜਥੇਬੰਦਕ ਕਾਨਫਰੰਸ ਦਾ ਉਦਘਾਟਨੀ ਭਾਸ਼ਣ ਇੰਜੀ: ਕੁਲਵਿੰਦਰ ਸਿੰਘ ਬਾਗੜੀਆਂ ਨੇ ਕਰਦਿਆਂ ਅਦਾਰੇ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਏਟਕ ਜਥੇਬੰਦੀ ਦੇ ਸ਼ਲਾਘਾਯੋਗ ਰੋਲ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ | ਉਪਰੰਤ ਸਰਕਲ ਸਕੱਤਰ ਪੂਰਨ ਦਾਸ ਨੇ ਪਿਛਲੇ ਅਰਸੇ ਦੀ ਜਥੇਬੰਦਕ ਅਤੇ ਖਰਚਾ ਰਿਪੋਰਟ ਹਾਊਸ ਦੇ ਸਾਹਮਣੇ ਪੇਸ਼ ਕੀਤੀ, ਜਿਸ 'ਤੇ ਦਰਜਨ ਦੇ ਕਰੀਬ ਡੈਲੀਗੇਟਾਂ ਨੇ ਬਹਿਸ ਕਰਕੇ ਕੁੱਝ ਵਾਧੇ ਦਰਜ ਕਰਵਾਏ, ਜਿੰਨਾਂ ਨੂੰ ਪ੍ਰਧਾਨਗੀ ਮੰਡਲ ਨੇ ਜਥੇਬੰਦਕ ਅਤੇ ਖਰਚਾ ਰਿਪੋਰਟ ਦਾ ਹਿੱਸਾ ਮੰਨ ਕੇ ਸਰਬਸੰਮਤੀ ਨਾਲ ਹਾਊਸ ਦੀ ਮੰਨਜ਼ੂਰੀ ਨਾਲ ਨਾਅਰਿਆਂ ਦੀ ਗੰੂਜ ਵਿਚ ਪਾਸ ਕਰਵਾਇਆ | ਇਸ ਕਾਨਫਰੰਸ ਵਿਚ ਉਚੇਚੇ ਤੌਰ 'ਤੇ ਪਹੁੰਚੇ ਭਰਾਤਰੀ ਜਥੇਬੰਦੀ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਸੰਬੰਧਿਤ ਏਟਕ ਦੇ ਸਰਕਲ ਸਕੱਤਰ ਨਰਿੰਦਰ ਬੇਦੀ ਅਤੇ ਸੂਬਾ ਆਗੂ ਤਾਰਾ ਸਿੰਘ ਖਹਿਰਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵਲੋਂ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਘਟੀਆ ਨੀਤੀ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਜਾਣ ਬੁੱਝ ਕੇ ਲਮਕਾ ਅਵਸਥਾ ਵਿਚ ਰੱਖਣ ਖਿਲਾਫ਼ ਸੰਘਰਸ਼ ਲਈ ਕਮਰਕੱਸੇ ਕਰਨ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ | ਇਸ ਚੌਣ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਣ ਲਈ ਨਿਗਰਾਨ ਦੇ ਤੌਰ 'ਤੇ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਚੌਣ ਅਮਲ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਅਦਾਰੇ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਨੇ 14 ਜਨਵਰੀ ਨੂੰ ਗੈਸਟ ਹਾਊਸ ਮੁਹਾਲੀ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਪੂਰੀ ਮੈਨੇਜਮੈਂਟ ਦੀ ਹਾਜ਼ਰੀ ਵਿਚ ਭਰੋਸਾ ਦਿੱਤਾ ਸੀ ਕੇ ਅਦਾਰੇ ਦੀ ਕੋਈ ਵੀ ਜ਼ਮੀਨ ਨਹੀਂ ਵੇਚੀ ਜਾਵੇਗੀ ਅਤੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦਾ ਜਲਦੀ ਹੱਲ ਕੀਤਾ ਜਾਵੇਗਾ ਅਤੇ ਸਾਰੇ ਮਸਲਿਆਂ ਦੇ ਨਿਪਟਾਰੇ ਸੰਬੰਧੀ ਦੁਬਾਰਾ ਮੀਟਿੰਗ ਕੀਤੀ ਜਾਵੇਗੀ, ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੇਜਮੈਂਟ ਨੇ ਵਾਅਦਾ ਖਿਲਾਫ਼ੀ ਕਰਕੇ ਮੰਨੀਆਂ ਮੰਗਾਂ ਨੂੰ ਵੱਟੇ ਖਾਤੇ ਪਾ ਦਿੱਤਾ ਹੈ | ਇਸ ਮੌਕੇ ਬਲਜਿੰਦਰ ਕੌਰ ਵਲੋਂ ਪੁਰਾਣੀ ਸਰਕਲ ਕਮੇਟੀ ਭੰਗ ਕਰਨ ਉਪਰੰਤ ਸੂਬਾ ਪ੍ਰਧਾਨ ਗੰਡੀਵਿੰਡ ਨੇ 11 ਮੈਂਬਰੀ ਨਵੀਂ ਕਮੇਟੀ ਦਾ ਪੈਨਲ ਹਾਜ਼ਰੀਨ ਸਾਹਮਣੇ ਪੇਸ਼ ਕੀਤਾ, ਜਿਸ ਵਿਚ ਸਰਪ੍ਰਸਤ ਬਲਜਿੰਦਰ ਸਿੰਘ ਪਲਾਸੌਰ, ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ, ਸੀਨੀ: ਮੀਤ ਪ੍ਰਧਾਨ ਬਲਜੀਤ ਸਿੰਘ ਪੱਟੀ, ਮੀਤ ਪ੍ਰਧਾਨ ਮੇਜਰ ਸਿੰਘ ਨਾਗੋਕੇ, ਗੁਰਨਾਮ ਸਿੰਘ ਪੰਡੋਰੀ ਗੋਲਾ, ਸਕੱਤਰ ਪੂਰਨ ਦਾਸ, ਮੀਤ ਸਕੱਤਰ ਤਰਜੀਤ ਸਿੰਘ ਨਾਗੋਕੇ, ਖਜਾਨਚੀ ਲਖਵਿੰਦਰ ਸਿੰਘ ਬਹਿਲਾ, ਸਹਾਇਕ ਖਜਾਨਚੀ ਬਚਿੱਤਰ ਸਿੰਘ ਖੇਲਾ, ਜਥੇਬੰਦਕ ਸਕੱਤਰ ਲਵਜੋਤ ਸਿੰਘ ਖਹਿਰਾ, ਆਡੀਟਰ ਅੰਸ਼ਦੀਪ ਕੌਰ ਦੇ ਨਾਂਅ ਬਤੌਰ ਅਹੁਦੇਦਾਰਾਂ ਦੇ ਰੂਪ ਵਿਚ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤੇ | ਅਖੀਰ 'ਤੇ ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ ਨੇ ਨਵੀਂ ਚੁਣੀ ਕਮੇਟੀ ਦੀ ਤਰਫੋਂ ਜਥੇਬੰਦੀ ਦੇ ਕੰਮ ਨੂੰ ਪੂਰੀ ਤਨਦੇਹੀ ਨਾਲ ਕਰਨ ਦਾ ਹਾਜ਼ਰੀਨ ਨੂੰ ਭਰੋਸਾ ਦਿੱਤਾ | ਉਪਰੰਤ ਚੁਣੇ ਗਏ ਅਹੁਦੇਦਾਰਾਂ ਦਾ ਸੀਨੀਅਰ ਲੀਡਰਸ਼ਿਪ ਨੇ ਹਾਰ ਪਾ ਕੇ ਸਨਮਾਨ ਕੀਤਾ |