ਜਗਦੇਵ ਕਲਾਂ, 22 ਫਰਵਰੀ (ਸ਼ਰਨਜੀਤ ਸਿੰਘ ਗਿੱਲ)-ਪ੍ਰਸਿੱਧ ਵਿੱਦਿਅਕ ਅਦਾਰੇ ਹੈਬਰਨ ਵਰਲਡ ਸਕੂਲ, ਰਮਦਾਸ ਰੋਡ ਦੇ ਵਿਹੜੇ ਵਿਚ ਸਕੂਲ ਦੇ ਐੱਮ. ਡੀ. ਇੰਦਰਜੀਤ ਸਿੰਘ ਭਾਟੀਆ ਅਤੇ ਡਾਇਰੈਕਟਰ ਮਨਰੀਤ ਸਿੰਘ ਭਾਟੀਆ ਦੀ ਸਾਂਝੀ ਅਗਵਾਈ ਹੇਠ ਅਤੇ ਸਕੂਲ ਦੇ ਪਿ੍ੰਸੀਪਲ ਅਤੇ ਸਮੂਹ ਸਕੂਲ ਸਟਾਫ ਦੇ ਸਹਿਯੋਗ ਸਦਕਾ ਸਾਲਾਨਾ ਖੇਡ ਦਿਵਸ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅੰਮਿ੍ਤਸਰ ਰਜੇਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਅਤੇ ਨਾਇਬ ਤਹਿਸੀਲਦਾਰ ਲਛਮਣ ਸਿੰਘ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕਰਦੇ ਹੋਏ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਕੇ ਸਾਲਾਨਾ ਖੇਡ ਦਿਵਸ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਬੱਚਿਆਂ ਦਰਮਿਆਨ ਇਕ ਲੱਤ ਦੌੜ, ਰੈਡੀ ਟੂ ਸਕੂਲ ਦੌੜ, 200 ਮੀਟਰ ਦੌੜ, ਰੱਸਾ ਕੱਸੀ, ਕਰਾਟੇ, ਸਕੇਟਿੰਗ ਆਦਿ ਰੌਚਿਕ ਖੇਡਾਂ ਦੇ ਮੁਕਾਬਲਿਆਂ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਰਸ਼ਲ ਆਰਟ ਗਤਕੇ ਦੇ ਜ਼ੌਹਰ ਵੀ ਦਿਖਾਏ ਗਏ ਅਤੇ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਗਿੱਧਾ, ਭੰਗੜਾ ਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਚੰਗਾ ਰੰਗ ਬੰਨਿ੍ਹਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ ਤੇ ਨਾਇਬ ਤਹਸੀਲਦਾਰ ਲਛਮਣ ਸਿੰਘ ਨੇ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਐੱਮ. ਡੀ. ਇੰਦਰਜੀਤ ਸਿੰਘ ਭਾਟੀਆ ਨੇ ਖੇਡ ਦਿਵਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਕੂਲ ਵਿਚ ਸਸਤੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਰਹਿਣਗੇ ਅਤੇ ਸਕੂਲ ਵਿਚ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਇਕ ਸਾਂਝੀ ਕਮੇਟੀ ਕਾਇਮ ਕੀਤੀ ਜਾਵੇਗੀ, ਜਿਸ ਦੇ ਚੰਗੇ ਸੁਝਾਵਾਂ ਉੱਪਰ ਪੂਰੀ ਤਰ੍ਹਾਂ ਅਮਲ ਕੀਤਾ ਜਾਵੇਗਾ | ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਰਜੇਸ਼ ਕੁਮਾਰ, ਨਾਇਬ ਤਹਿਸੀਲਦਾਰ ਲਛਮਣ ਸਿੰਘ ਤੋਂ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਅਤੇ ਖੇਡਾਂ ਵਿਚ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ. ਡੀ. ਆਈ. ਸਕੂਲ ਦੇ ਪਿ੍ੰ: ਸਵਲੀਨ ਭਾਟੀਆ, ਹੈਬਰਨ ਵਰਲਡ ਸਕੂਲ ਦਾ ਸਮੂਹ ਸਟਾਫ, ਵਿਦਿਆਰਥੀ ਵਰਗ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ |