ਖਾਲੜਾ, 23 ਫਰਵਰੀ (ਜੱਜਪਾਲ ਸਿੰਘ ਜੱਜ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਡੱਲ ਦੇ ਛੱਪੜ ਨਜਦੀਕ ਤੋਂ ਇਕ ਵਿਦੇਸ਼ੀ 30 ਬੋਰ ਦੇ ਪਿਸਤੌਲ ਸਮੇਤ ਮੈਗਜ਼ੀਨ ਤੇ 10 ਜ਼ਿੰਦਾ ਰੌਂਦ ਬਰਾਮਦ ਕਰਕੇ ਸਰਹੱਦ ਪਾਰੋਂ ਹੋ ਰਹੀ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ | ਥਾਣਾ ਮੁਖੀ ਖਾਲੜਾ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹਥਿਆਰਾਂ ਤੇ ਗੋਲੀ-ਸਿੱਕੇ ਦੀ ਤਸਕਰੀ ਸੰਬੰਧੀ ਮਿਲੀ ਖੁਫੀਆ ਇਤਲਾਹ ਦੇ ਆਧਾਰ 'ਤੇ ਖਾਲੜਾ ਪੁਲਿਸ ਦੀ ਇਕ ਵਿਸ਼ੇਸ਼ ਟੀਮ ਨੇ ਪਿੰਡ ਡੱਲ ਦੇ ਤਸਕਰਾਂ ਛੱਪੜ ਨਜਦੀਕ ਤਲਾਸ਼ੀ ਆਪ੍ਰੇਸ਼ਨ ਚਲਾਇਆ ਗਿਆ, ਜਿਸ 'ਚ ਸਫਲਤਾਪੂਰਵਕ ਇਕ ਵਿਦੇਸ਼ੀ 30 ਬੋਰ ਦੇ ਪਿਸਤੌਲ ਸਮੇਤ ਮੈਗਜ਼ੀਨ ਤੇ 10 ਜਿੰਦਾ ਰੌਂਦ ਬਰਾਮਦ ਕੀਤੇ ਹਨ | ਉਨ੍ਹਾਂ ਕਿਹਾ ਕਿ ਇਹ ਖੇਪ ਡਰੋਨ ਰਾਹੀਂ ਡਲਿਵਰ ਕੀਤੀ ਪ੍ਰਤੀਤ ਹੁੰਦੀ ਹੈ, ਪਰ ਥਾਣਾ ਖਾਲੜਾ ਦੀ ਪੁਲਿਸ ਦੀਆਂ ਮੁਸ਼ਤੈਦ ਗਤੀਵਿਧੀਆਂ ਕਾਰਨ ਖੇਪ ਪ੍ਰਾਪਤ ਕਰਨ ਵਾਲੀ ਧਿਰ ਖੇਪ ਹਾਸਿਲ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਖੇਪ ਭੇਜਣ ਵਾਲੇ ਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਕਰਨ ਲਈ ਜਾਂਚ ਕਰ ਰਹੀਆਂ ਹਨ | ਇਸ ਸੰਬੰਧੀ ਥਾਣਾ ਖਾਲੜਾ ਵਲੋਂ ਵੱਖ-ਵੱਖ ਧਰਾਵਾਂ ਦੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ |