ਖਾਲੜਾ, 23 ਫਰਵਰੀ (ਜੱਜਪਾਲ ਸਿੰਘ ਜੱਜ)-ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਅਤੇ ਨਸ਼ੇ ਦੇ ਤਸਕਰਾਂ ਵਿਰੁੱਧ ਵਿਰੁੱਧ ਵਿੱਡੀ ਖਾਸ ਮੁਹਿੰਮ ਦੀ ਸਮੀਖਿਆ ਕਰਨ ਲਈ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਵਲੋਂ ਸਰਹੱਦੀ ਏਰੀਏ ਦਾ ਦੌਰਾ ਕੀਤਾ ਗਿਆ | ਥਾਣਾ ਖਾਲੜਾ ਨੀੜਿਓਾ ਲੰਘਦੀ ਅੱਪਰ ਬਾਰੀ ਦੁਆਬ ਨਹਿਰ 'ਤੇ ਲੱਗੇ ਪੁਲਿਸ ਨਾਕੇ ਤੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਡੀ.ਜੀ.ਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਅਤੇ ਨਸ਼ੇ ਦੇ ਤਸਕਰਾਂ ਵਿਰੁੱਧ ਖਾਸ ਮੁਹਿੰਮ ਆਰੰਭੀ ਗਈ ਹੈ ਅਤੇ ਇਸੇ ਮੁਹਿੰਮ ਦੇ ਤਹਿਤ ਸਾਡੀ ਕਾਰਵਾਈ ਸਮੁੱਚੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਚੱਲ ਰਹੀ ਹੈ ਅਤੇ ਖਾਸ ਤੌਰ ਤੇ ਸਰਹੱਦੀ ਖੇਤਰ ਵਿਚ ਰੈਡ ਅਲਰਟ ਐਲਾਨਿਆ ਗਿਆ ਹੈ, ਤਾਂ ਜੋ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ ਅਤੇ ਗੈਂਗਸਟਰਾਂ ਅਤੇ ਨਸ਼ੇ ਦੇ ਤਸਕਰਾਂ ਦੀ ਗਤੀਵਿਧੀਆਂ ਤੇ ਲਗਾਮ ਲਗਾਈ ਜਾ ਸਕੇ | ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲਿ੍ਹਆਂ ਅੰਦਰ ਚੱਲ ਰਹੇ ਆਪਰੇਸ਼ਨ ਦੀ ਸਮੀਖਿਆ ਕਰਨ ਲਈ ਉਨ੍ਹਾਂ ਵਲੋਂ ਅੱਜ ਦੌਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਦੀ ਮੁਹਿੰਮ ਤਹਿਤ ਮੁਹਿੰਮਾ ਚੱਲ ਰਹੀਆਂ ਹਨ ਜਿੰਨਾਂ ਨੂੰ ਵੱਡਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਏਰੀਏ ਨਾਲ ਲੱਗਦੇ ਸੱਤ ਜ਼ਿਲਿ੍ਹਆਂ ਵਿਚ ਬੀ.ਐੱਸ.ਐੱਫ ਨਾਲ ਤਾਲਮੇਲ ਕਰਕੇ ਸੈਕਿੰਡ ਡਿਫੈਂਸ ਲਾਈਨ ਮਜ਼ਬੂਤ ਕੀਤੀ ਜਾ ਰਹੀ ਹੈ ਅਤੇ ਸਰਹੱਦੀ ਖੇਤਰ ਦੇ ਥਾਣਿਆਂ ਅੰਦਰ ਨਫਰੀ ਵਧਾਈ ਜਾ ਰਹੀ | ਉਨ੍ਹਾਂ ਕਿਹਾ ਕਿ ਮਗਰਲੇ ਦਿਨੀਂ ਪੰਜਾਬ ਸਰਕਾਰ ਵਲੋਂ 40 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਸੀ.ਸੀ.ਟੀ.ਵੀ. ਕੈਮਰੇ ਅਤੇ ਇਮਾਰਤੀ ਢਾਂਚਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਬਾਜ ਅੱਖ ਨਾਂਅ ਦੇ ਐਂਟੀ ਡਰੋਨ ਸਿਸਟਮ ਸਰਹੱਦੀ ਏਰੀਏ ਅੰਦਰ ਲਗਾਏ ਗਏ ਹਨ, ਤਾਂ ਜੋ ਇਸ ਨਾਲ ਤਸਕਰੀ ਨੂੰ ਰੋਕਿਆ ਜਾ ਸਕੇ | ਇਸ ਮੌਕੇ ਡੀ.ਆਈ.ਜੀ. ਸਨੇਹਦੀਪ ਸ਼ਰਮਾ, ਐੱਸ.ਐੱਸ.ਪੀ. ਤਰਨ ਤਾਰਨ ਸੁਰਿੰਦਰ ਲਾਂਬਾ, ਐੱਸ.ਪੀ. ਖੁਸ਼ਬੀਰ ਕੌਰ, ਡੀ.ਐੱਸ.ਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ, ਐੱਸ.ਐੱਚ.ਓ. ਖਲੜਾ ਬਲਜਿੰਦਰ ਸਿੰਘ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ |