ਤਰਨ ਤਾਰਨ, 25 ਫਰਵਰੀ (ਹਰਿੰਦਰ ਸਿੰਘ)- ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ ਕੰਪਨੀ ਪਾਸੋਂ ਕਰਜ਼ਾ ਲੈ ਕੇ ਪੈਸੇ ਵਾਪਸ ਨਾ ਮੋੜਨ ਦੇ ਦੋਸ਼ ਹੇਠ ਥਾਣਾ ਹਰੀਕੇ ਪੁਲਿਸ ਨੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਐੱਸ.ਐੱਸ.ਪੀ. ਤਰਨ ਤਾਰਨ ਕੋਲ ਐਡਵੋਕੇਟ ਧੈਰਿਆ ਅਰੋੜਾ ਪੁੱਤਰ ਰਾਜਨ ਅਰੋੜਾ ਕੇਅਰ ਆਫ ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ ਕੰਪਨੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਰਮੇਸ਼ ਕੁਮਾਰ ਪੁੱਤਰ ਜਸਪਾਲ ਸਿੰਘ, ਓਮ ਪ੍ਰਕਾਸ਼ ਪੁੱਤਰ ਧਰਮਵੀਰ ਵਾਸੀਆਨ ਪੱਟੀ ਰੋਡ ਹਰੀਕੇ ਨੇ ਆਪਣੇ ਨਾਮ 'ਤੇ ਫਾਇਨਾਂਸ ਕਰਵਾ ਕੇ 6 ਟਰੱਕਾਂ ਦੇ ਕਰਜ਼ਾ ਦੇ 42 ਲੱਖ 90 ਹਜ਼ਾਰ 343 ਰੁਪਏ ਦੇ ਕਰਜ਼ਾ ਅਤੇ 39 ਲੱਖ 54 ਹਜ਼ਾਰ 134 ਰੁਪਏ ਕਿਸ਼ਤਾਂ ਵਿਚ ਮਹਿੰਦਰਾਂ ਫਾਇਨਾਂਸ ਕੰਪਨੀ ਨੂੰ ਵਾਪਸ ਕਰਨੇ ਸਨ, ਜੋ ਕਿਸ਼ਤਾਂ ਭਰਨ ਤੋਂ ਇਨਕਾਰੀ ਹਨ | ਉਕਤ ਵਿਅਕਤੀਆਂ ਨੇ ਹਮਸਲਾਹ ਹੋ ਕੇ ਸੋਚੀ ਸਮਝੀ ਸਾਜਿਸ਼ ਤਹਿਤ ਮਹਿੰਦਰਾ ਐਂਡ ਮਹਿੰਦਰਾ ਫਾਇਨਾਂਸ ਕੰਪਨੀ ਪਾਸੋਂ ਕਰਜ਼ਾ ਲੈ ਕੇ ਵਾਪਸ ਨਾ ਕਰਕੇ ਧੋਖਾਧੜੀ ਕੀਤੀ ਹੈ | ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਕਮਲਜੀਤ ਸਿੰਘ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ, ਜਿਸ 'ਤੇ ਥਾਣਾ ਹਰੀਕੇ ਦੇ ਐੱਸ.ਐੱਚ.ਓ. ਬਲਬੀਰ ਸਿੰਘ ਵਲੋਂ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |