ਤਰਨ ਤਾਰਨ, 25 ਫਰਵਰੀ (ਹਰਿੰਦਰ ਸਿੰਘ)-ਇਕ ਤਰਫ ਜਿਥੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਾਰਜਾਂ ਅਤੇ ਸਾਫ ਸੁਥਰਾ ਵਾਤਾਵਰਣ ਲੋਕਾਂ ਨੂੰ ਮੁਹੱਇਆ ਕਰਵਾਉਣ ਦੇ ਵੱਡੇ ਵੱਡੇ ਦਮਗੱਜੇ ਮਾਰ ਰਹੀ ਹੈ, ਉਥੇ ਲੋਕ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲ ਖੋਲਦੇ ਨਜ਼ਰ ਆ ਰਹੇ ਹਨ | ਤਰਨ ਤਾਰਨ ਸ਼ਹਿਰ ਦੇ ਮੁਹੱਲਾ ਨਾਨਕਸਰ ਦੀ ਵਾਰਡ ਨੰਬਰ 7 ਦੇ ਨਿਵਾਸੀ ਨਰਕ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਹੋ ਰਹੇ ਹਨ ਕਿਉਂਕਿ ਵਾਰਡ ਵਿਚ ਪੈਂਦੀਆਂ ਗਲੀ ਗੱਡਿਆਂ ਵਾਲੀ, ਗਲੀ ਸਟਾਫ਼ ਨਰਸ ਵਾਲੀ, ਗਲੀ ਪੂਤਨੇ ਵਾਲੀ ਆਦਿ ਤੋਂ ਇਲਾਵਾ ਹੋਰਨਾਂ ਗਲੀਆਂ ਵਿਚ ਅਕਸਰ ਸੀਵਰੇਜ ਜਾਮ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਰਿਹਾ ਹੈ ਅਤੇ ਪਾਣੀ ਵਿਚੋਂ ਗੰਦਗੀ ਬਦਬੂ ਆ ਰਹੀ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਪ੍ਰੰਤੂ ਸੰਬੰਧਿਤ ਨਗਰ ਕੌਂਸਲ ਵਿਭਾਗ ਇਸ ਪ੍ਰਤੀ ਕੋਈ ਧਿਆਨ ਨਹੀਂ ਦੇ ਰਿਹਾ | ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਪ੍ਰਤੀ ਆਪਣਾ ਰੋਸ ਜਤਾਉਂਦਿਆਂ ਕਿਹਾ ਕਿ ਸਾਡੇ ਮੁਹੱਲੇ ਦੀਆਂ ਗਲੀਆਂ ਵਿਚ ਸੀਵਰੇਜ ਦਾ ਬੁਰਾ ਹਾਲ ਹੈ ਅਤੇ ਸੀਵਰੇਜ ਅਕਸਰ ਜਾਮ ਰਹਿੰਦਾ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀ ਵਿਚ ਖ਼ੜਾ ਰਹਿੰਦਾ ਹੈ ਅਤੇ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਬਦਬੂਦਾਰ ਪਾਣੀ ਵਿਚੋਂ ਲੋਕ ਲੰਘ ਕੇ ਆਪਣੇ ਕੰਮਾਂਕਾਰਾਂ ਲਈ ਜਾਂਦੇ ਹਨ, ਜਿਸ ਨਾਲ ਉਹ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ | ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਉਨ੍ਹਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਵਾਰਡ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ ਪਰ ਹੁਣ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਅਸੀਂ ਨਗਰ ਕੌਂਸਲ ਤਰਨ ਤਾਰਨ ਵਿਖੇ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹੈ ਪਰ ਸੀਵਰੇਜ ਦੀ ਸਾਫ਼ ਸਫਾਈ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੀਵਰੇਜ ਅਕਸਰ ਜਾਮ ਰਹਿੰਦਾ ਹੈ, ਉਥੇ ਕਈ ਜਗ੍ਹਾਂ ਉਪਰ ਸੀਵਰੇਜ ਦੇ ਟੋਏ ਪੁੱਟੇ ਹੋਏ ਹਨ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਹੈ | ਵਾਰਡ ਕੌਂਸਲਰ ਸੁਖਜਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਅਕਾਲੀ ਪਾਰਟੀ ਨਾਲ ਸੰਬੰਧਿਤ ਹਨ ਅਤੇ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਸ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਉਨ੍ਹਾਂ ਵਲੋਂ ਵਾਰਡ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮੁਹੱਲਾ ਨਾਨਕਸਰ ਦੀ ਵਾਰਡ ਨੰਬਰ 7 ਵਿਚ ਸੀਵਰੇਜ ਦੀ ਸਾਫ਼ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋ ਨਿਯਾਤ ਮਿਲ ਸਕੇ |