ਸਰਹਾਲੀ ਕਲਾਂ, 25 ਫਰਵਰੀ (ਅਜੇ ਸਿੰਘ ਹੁੰਦਲ)- ਨੈਸ਼ਨਲ ਹਾਈਵੇ 'ਤੇ ਤਰਨ ਤਾਰਨ ਤੋਂ ਕੋਈ ਵੀਹ ਕੁ ਕਿਲੋਮੀਟਰ ਦੂਰੀ 'ਤੇ ਵੱਸਿਆ ਇਤਿਹਾਸਕ ਪਿੰਡ ਸਰਹਾਲੀ ਕਲਾਂ ਮੌਜੂਦਾ ਸਮੇਂ ਨਾਮਵਰ ਵਿਦਿਅਕ ਅਦਾਰਿਆਂ ਕਾਰਨ ਜ਼ਿਲ੍ਹੇ ਵਿਚ ਚੰਗੀ ਪਛਾਣ ਰੱਖਦਾ ਹੈ | ਪ੍ਰਾਇਮਰੀ ਪੱਧਰ ਤੋਂ ਲੈ ਕੇ ਉਚੇਰੀ ਵਿਦਿਆ ਤੱਕ ਦੇ ਪ੍ਰਾਈਵੇਟ, ਏਡਿਡ ਅਤੇ ਸਰਕਾਰੀ ਅਦਾਰੇ, ਆਈ.ਟੀ.ਆਈ ਇਥੇ ਮੌਜੂਦ ਹੈ | ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਇਨ੍ਹਾਂ ਅਦਾਰਿਆਂ ਦੇ ਕਰਮਚਾਰੀ ਰੋਜਾਨਾਂ ਇਸ ਪਿੰਡ ਵਿਚ ਆਉਂਦੇ ਹਨ | ਇਸਦੇ ਨਾਲ ਨਾਲ ਸਰਕਾਰੀ ਹਸਪਤਾਲ, ਪੁਲਿਸ ਸਟੇਸ਼ਨ, ਬਿਜਲੀ ਘਰ, ਬੈਂਕਾਂ, ਬੀ.ਪੀ.ਈ.ਓ. ਦਫਤਰ ਆਦਿ ਦੀ ਮੌਜੂਦਗੀ ਕਾਰਨ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਦਾ ਇਸ ਪਿੰਡ ਵਿਚ ਆਉਣਾ ਜਾਣਾ ਅਕਸਰ ਬਣਿਆ ਰਹਿੰਦਾ ਹੈ | ਇਲਾਕੇ ਦੇ ਲੋਕਾਂ ਲਈ ਇੰਨੀ ਅਹਿਮੀਅਤ ਰੱਖਣ ਦੇ ਬਾਵਯੂਦ ਵੀ ਹੈਰਾਨੀ ਦੀ ਗੱਲ ਹੈ ਕਿ ਹਾਲੇ ਤੱਕ ਇਸ ਪਿੰਡ ਵਿਚ ਬੱਸ ਅੱਡਾ ਮੌਜੂਦ ਨਹੀਂ | ਵਿਦਿਆਰਥੀਆਂ ਤੋਂ ਲੈ ਕੇ ਵਡੇਰੀ ਉਮਰ ਦੇ ਲੋਕਾਂ ਨੂੰ ਬੱਸ ਵਿਚ ਹਾਈਵੇ 'ਤੇ ਹੀ ਉਤਰ ਕੇ ਸੜਕ ਪਾਰ ਕਰਨੀ ਪੈਂਦੀ ਹੈ | ਵੱਡੀ ਹੈਰਾਨੀ ਇਹ ਹੈ ਕਿ ਸੜਕ ਨੂੰ ਪਾਰ ਕਰਨ ਲਈ ਵਿਚਕਾਰ ਲੱਗੇ ਉੱਚੇ ਡਵਾਈਡਰ 'ਤੇ ਕੋਈ ਕੱਟ ਵੀ ਮੌਜੂਦ ਨਹੀਂ | ਤੇਜ ਰਫ਼ਤਾਰ ਗੱਡੀਆਂ ਸਾਹਮਣੇ ਜਾਨ ਜੋਖ਼ਮ ਵਿਚ ਪਾ ਕੇ ਹਰ ਇਨਸਾਨ ਹਾਈਵੇ ਵਿਚਕਾਰ ਡਿਵਾਈਡਰ ਨੂੰ ਪਾਰ ਕਰਨਾ ਬੜਾ ਔਖਾ ਕੰਮ ਹੈ | ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਉੱਚੇ ਡਿਵਾਈਡਰ ਨੂੰ ਪਾਰ ਕਰਦਿਆਂ ਅਕਸਰ ਔਰਤਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੀ ਸਥਿਤੀ ਵਿਚ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਿਆਂ ਹਾਈਵੇ ਪਾਰ ਕਰਦਿਆਂ ਕਈ ਵਾਰ ਭਿਆਨਕ ਸੜਕ ਹਾਦਸੇ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਵਿਚ ਜਾ ਚੁੱਕੀਆਂ ਹਨ | ਸੜਕੀ ਆਵਾਜਾਈ ਨੂੰ ਗਤੀ ਦੇਣ ਲਈ ਹਾਈਵੇ ਵਰਦਾਨ ਸਾਬਿਤ ਹੋ ਰਹੇ ਹਨ ਪਰ ਹਾਈਵੇ ਬਣਾਉਂਦਿਆਂ ਅਜਿਹੀਆਂ ਹੋਈਆਂ ਗਲਤੀਆਂ ਨਾਲ ਬੱਸਾਂ ਵਿਚ ਸਫਰ ਕਰਨ ਵਾਲੇ ਇਥੋਂ ਦੇ ਮੁਸਾਫਿਰਾਂ ਦੀ ਰੋਜ ਹੁੰਦੀ ਖੱਜਲ-ਖੁਆਰੀ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ | ਹਾਈਵੇ ਬਣਨੇ ਜਿੰਨੇ ਜਰੂਰੀ ਹਨ, ਉਨ੍ਹਾਂ ਹੀ ਇਨ੍ਹਾਂ ਕਿਨਾਰੇ ਵੱਸੇ ਪਿੰਡਾਂ ਦੇ ਲੋਕਾਂ ਲਈ ਹਾਈਵੇ ਨੂੰ ਪਾਰ ਕਰਨ ਲਈ ਜਰੂਰੀ ਢੁੱਕਵੀਂ ਜਗ੍ਹਾ ਦਾ ਹੋਣਾ ਵੀ ਜਰੂਰੀ ਹੈ | ਇਥੇ ਨਾ ਤਾਂ ਓਵਰਬਿ੍ਜ ਹੈ ਨਾ ਹੀ ਧਰਤੀ ਹੇਠੋਂ ਲਾਂਘਾ ਦਿੱਤਾ ਹੈ ਅਤੇ ਨਾ ਹੀ ਸੜਕ ਦੇ ਡਿਵਾਈਡਰ ਵਿਚ ਲੰਘਣ ਲਈ ਕੋਈ ਕੱਟ ਹੀ ਛੱਡਿਆ ਗਿਆ ਹੈ | ਸਗੋਂ ਪਿੰਡ ਹੋਣ ਕਾਰਨ ਡਿਵਾਈਡਰ ਵੀ ਢਾਈ ਤਿੰਨ ਫੁੱਟ ਉੱਚਾ ਬਣਾਇਆ ਹੈ ਤਾਂ ਜੋ ਕੋਈ ਸੜਕ ਪਾਰ ਨਾ ਕਰ ਸਕੇ ਪਰ ਸੜਕ ਪਾਰ ਕਰਨ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਮਜਬੂਰੀ ਵੱਸ ਲੋਕ ਜਾਨ ਜੋਖ਼ਮ ਵਿਚ ਪਾ ਕੇ ਡਿਵਾਈਡਰ ਟੱਪਦੇ ਹਨ ਅਤੇ ਅਨੇਕਾਂ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਪਿੰਡ ਦੇ ਲੋਕਾਂ ਨੇ ਇਸ ਬਾਬਤ ਕਈ ਵਾਰ ਸਰਕਾਰੇ-ਦਰਬਾਰੇ ਆਪਣੀ ਸਮੱਸਿਆ ਦੇ ਹੱਲ ਲਈ ਬੇਨਤੀ ਕੀਤੈ ਹੈ ਪਰ ਹਾਲੇ ਤਾਂਈ ਇਹ ਮੁਸ਼ਕਿਲ ਜਿਉਂ ਦੀ ਤਿਉਂ ਬਣੀ ਹੈ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਿੱਤ ਦਿਨ ਹੁੰਦੇ ਹਾਦਸਿਆਂ ਤੇ ਠੱਲ੍ਹ ਪਾਉਣ ਲਈ ਸੜਕ ਪਾਰ ਕਰਨ ਦਾ ਢੁੱਕਵਾਂ ਪ੍ਰਬੰਧਕ ਕਰਦਿਆਂ ਇਕ ਨਿਸ਼ਚਿਤ ਬੱਸ ਸਟਾਪ ਬਣਾਇਆ ਜਾਵੇ |