ਤਰਨ ਤਾਰਨ, 25 ਫਰਵਰੀ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਸੰਪਤੀ ਵੇਚਣ ਵਿਰੁੱਧ ਲੱਗਾ ਪੱਕਾ ਮੋਰਚਾ ਤੀਸਰੇ ਦਿਨ ਵਿਚ ਸ਼ਾਮਿਲ ਹੋ ਗਿਆ | ਅੱਜ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਭ ਕੁਝ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ, ਜੋ ਕਿ ਬਹੁਤ ਮਾੜੀ ਗੱਲ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਚੁਣ ਕੇ ਭੇਜੇ ਸਨ, ਪਰ ਤਰਨ ਤਾਰਨ ਹਲਕੇ ਨਾਲ ਸੰਬੰਧਿਤ ਸਾਰੇ ਵਿਧਾਇਕ ਅਤੇ ਮੰਤਰੀ ਕਿਸਾਨਾਂ ਦੀ ਇਹ ਸੰਪਤੀ ਸਹਿਕਾਰੀ ਖੰਡ ਮਿੱਲ ਸੇਰੋ ਨੂੰ ਬਚਾਉਣ ਵਾਸਤੇ ਬਿਲਕੁਲ ਬੇਪਰਵਾਹ ਬੇਖਬਰ ਹਨ | ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਤੋਂ ਅੱਗੇ ਤਿੱਖੇ ਐਕਸ਼ਨ ਕੀਤੇ ਜਾਣਗੇ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਅੱਜ ਤੱਕ ਧਰਨੇ ਵਾਲੀ ਥਾਂ 'ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੱਕ ਨਹੀਂ ਕੀਤਾ ਗਿਆ | ਇਸ ਮੌਕੇ ਦਲਜੀਤ ਸਿੰਘ ਦਿਆਲਪੁਰ, ਮਨਜੀਤ ਸਿੰਘ ਬੱਗੂ, ਮਹਾਂਵੀਰ ਸਿੰਘ ਗਿੱਲ ਨਛੱਤਰ ਸਿੰਘ ਮੁਗਲ ਚੱਕ, ਜੱਸਾ ਸਿੰਘ ਕੱਦਗਿੱਲ, ਗੁਰਸਾਬ ਸਿੰਘ ਡੱਲ, ਹਰਜੀਤ ਸਿੰਘ ਝੀਤਾ, ਸੁਖਚੈਨ ਸਿੰਘ ਸਰਹਾਲੀ, ਖਜਾਨ ਸਿੰਘ ਸਰਪੰਚ, ਗੁਰਪ੍ਰਤਾਪ ਸਿੰਘ ਗੰਜਾ, ਡਾ. ਇੰਦਰਜੀਤ ਸਿੰਘ ਮਰਹਾਣਾ, ਅਮੋਲਕ ਸਿੰਘ, ਗੁਰਚਰਨ ਸਿੰਘ ਸਭਰਾ, ਰਾਜ ਗੋਬਿੰਦ ਸਿੰਘ, ਦਵਿੰਦਰਪਾਲ ਸਿੰਘ ਕਾਦੀਆਂ, ਗੁਰਦਿਆਲ ਸਿੰਘ, ਪੂਰਨ ਸਿੰਘ ਮਾੜੀਮੇਘਾ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ | ਪੰਜਾਬ ਸਰਕਾਰ ਦੀ ਚੁੱਪ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ |